ਕਾਹਿਰਾ, 5 ਅਪਰੈਲ
ਸੂਡਾਨ ਦੇ ਪੱਛਮੀ ਦਾਰਫਰ ਖ਼ਿੱਤੇ ’ਚ ਅਰਬਾਂ ਅਤੇ ਗ਼ੈਰ ਅਰਬਾਂ ਵਿਚਕਾਰ ਹੋਈਆਂ ਝੜਪਾਂ ’ਚ 18 ਵਿਅਕਤੀ ਮਾਰੇ ਗਏ। ਜਾਣਕਾਰੀ ਮੁਤਾਬਕ ਦੋਵੇਂ ਕਬਾਇਲੀ ਗੁੱਟਾਂ ਦੇ ਦੋ ਵਿਅਕਤੀਆਂ ਦੀ ਮੌਤ ਮਗਰੋਂ ਦੰਗੇ ਭੜਕੇ। ਉਂਜ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਮਗਰੋਂ ਦੰਗੇ ਹੋਰ ਥਾਵਾਂ ’ਤੇ ਫੈਲ ਗਏ। ਝੜਪਾਂ ’ਚ 54 ਵਿਅਕਤੀ ਜ਼ਖ਼ਮੀ ਹੋਏ ਹਨ। ਐਤਵਾਰ ਨੂੰ ਹਥਿਆਰਬੰਦ ਵਿਅਕਤੀਆਂ ਨੇ ਇਕ ਐਂਬੂਲੈਂਸ ’ਤੇ ਗੋਲੀਆਂ ਦਾਗ਼ੀਆਂ ਜਿਸ ’ਚ ਤਿੰਨ ਸਿਹਤ ਸੰਭਾਲ ਵਰਕਰ ਜ਼ਖ਼ਮੀ ਹੋ ਗਏ। ਦਾਰਫੁਰ ’ਚ ਸ਼ਰਨਾਰਥੀ ਕੈਂਪ ਚਲਾਉਣ ਵਾਲੀ ਸਥਾਨਕ ਜਥੇਬੰਦੀ ਦੇ ਤਰਜਮਾਨ ਐਡਮ ਰੀਗਲ ਨੇ ਦੱਸਿਆ ਕਿ ਸੋਮਵਾਰ ਨੂੰ ਕੈਂਪ ’ਤੇ ਇਕ ਗੋਲਾ ਆ ਕੇ ਡਿੱਗਿਆ ਜਿਸ ਕਾਰਨ ਕਈ ਟਿਕਾਣੇ ਅੱਗ ਨਾਲ ਨਸ਼ਟ ਹੋ ਗਏ। -ਏਪੀ