ਦੁਸ਼ਾਂਬੇ, 31 ਮਾਰਚ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਤਾਜਿਕਸਤਾਨ ਦੇ ਵਿਦੇਸ਼ ਮੰਤਰੀ ਸਿਰੋਜੀਦੀਨ ਮੁਹਰੀਦੀਨ ਨਾਲ ਮੀਟਿੰਗ ਮਗਰੋਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇੱਕ-ਦੂਜੇ ਨਾਲ ਰਿਸ਼ਤੇ ਹੋਰ ਵਿਕਸਤ ਕਰਨ ਦੀ ਅਪੀਲ ਵੀ ਕੀਤੀ। ਜੈਸ਼ੰਕਰ ਨੌਵੇਂ ‘ਹਾਰਟ ਆਫ ਏਸ਼ੀਆ’ ਮੰਤਰੀ ਪੱਧਰੀ ਕਾਨਰਫਰੰਸ ਵਿੱਚ ਸ਼ਾਮਲ ਹੋਣ ਲਈ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਨਬੇ ਪਹੁੰਚੇ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਾਜਿਕਸਤਾਨ ਦੇ ਸਪੀਕਰ ਜ਼ੋਕਿਰਾਜ਼ੋਡਾ ਮੁਹੰਮਦਤੋਹਿਰ ਜ਼ੋਇਰ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਤਾਜਿਕਸਤਾਨ ਸਹਿਯੋਗ ਲਈ ਮਜ਼ਬੂਤ ਸੰਸਦੀ ਹਮਾਇਤ ਦੀ ਪ੍ਰਸ਼ੰਸਾ ਕੀਤੀ। ਵਿਦੇਸ਼ ਮੰਤਰੀ ਵਜੋਂ ਜੈਸ਼ੰਕਰ ਦਾ ਕਿਸੇ ਪ੍ਰਮੁੱਖ ਕੇਂਦਰੀ ਏਸ਼ਿਆਈ ਦੇਸ਼ ਦਾ ਇਹ ਪਹਿਲਾ ਅਧਿਕਾਰਤ ਦੁਵੱਲਾ ਦੌਰਾ ਹੈ। ਉਨ੍ਹਾਂ ਨੇ ਬਿਆਨ ਵਿੱਚ ਕਿਹਾ, ‘ਹਾਰਟ ਆਫ਼ ਏਸ਼ੀਆ ਇਸਤਾਂਬੁਲ ਪ੍ਰਾਸੈੱਸ ਆਨ ਅਫ਼ਗਾਨਿਸਤਾਨ’ ਦੀ ਨੌਵੀਂ ਮੰਤਰੀ ਪੱਧਰੀ ਕਾਨਫਰੰਸ ਸਹੀ ਸਮੇਂ ’ਤੇ ਹੋ ਰਹੀ ਹੈ। ਜੈਸ਼ੰਕਰ ਨੇ ਕਿਹਾ, ‘‘ਤਾਜਿਕਸਤਾਨ ਦੇ ਰਾਸ਼ਟਰਪਤੀ ਇਮਾਮੋਲੀ ਰਹਿਮੋਨ ਨੇ ਦੋਵਾਂ ਦੇਸ਼ਾਂ ਵਿਚਾਲੇ ਬਿਹਤਰੀਨ ਆਰਥਿਕ ਸਹਿਯੋਗ, ਖ਼ਾਸ ਕਰਕੇ ਭਾਰਤੀ ਕੰਪਨੀਆਂ ਦੇ ਤਾਜਿਕਸਤਾਨ ਵਿੱਚ ਨਿਵੇਸ਼ ’ਤੇ ਜ਼ੋਰ ਦਿੱਤਾ ਹੈ।’’ ਮੰਤਰੀ ਨੇ ਕਿਹਾ, ‘‘ਵਿਦੇਸ਼ ਮੰਤਰੀ ਸਿਰੋਜੀਦੀਨ ਨਾਲ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਬਾਰੇ ਅਤੇ ਖੇਤਰੀ ਤੇ ਕੌਮਾਂਤਰੀ ਮਹੱਤਵ ਵਾਲੇ ਮੁੱਦਿਆਂ ਉਤੇ ਖੁੱਲ੍ਹ ਕੇ ਚਰਚਾ ਹੋਈ।’’ -ਪੀਟੀਆਈ