ਕੋਲੰਬੋ, 25 ਜੁਲਾਈ
ਸ੍ਰੀਲੰਕਾ ਦੇ ਰਾਸ਼ਟਰਪਤੀ ਸਕੱਤਰੇਤ ਨੇ ਕਰੀਬ 100 ਦਿਨਾਂ ਬਾਅਦ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨਾਂ ਕਾਰਨ ਇਮਾਰਤ ਦੇ ਦਾਖ਼ਲਾ ਗੇਟ ਬੰਦ ਕਰ ਦਿੱਤੇ ਗਏ ਸਨ। ਇਮਾਰਤ ਦੇ ਗੇਟਾਂ ਉਤੇ ਮੁਜ਼ਾਹਰਾਕਾਰੀ 9 ਅਪਰੈਲ ਤੋਂ ਬੈਠੇ ਸਨ। ਨੌਂ ਜੁਲਾਈ ਨੂੰ ਰੋਸ ਜ਼ਾਹਿਰ ਕਰ ਰਹੇ ਲੋਕਾਂ ਨੇ ਇਮਾਰਤ ਉਤੇ ਕਬਜ਼ਾ ਕਰ ਲਿਆ ਸੀ। ਲੰਘੇ ਸ਼ੁੱਕਰਵਾਰ ਪੁਲੀਸ ਤੇ ਸੁਰੱਖਿਆ ਬਲਾਂ ਨੇ ਇਮਾਰਤ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਸੀ। ਨਵੇਂ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਪੁਲੀਸ ਤੇ ਬਲਾਂ ਨੂੰ ਛਾਪਾ ਮਾਰ ਕੇ ਇਮਾਰਤ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਦੇ ਹੁਕਮ ਦਿੱਤੇ ਸਨ। ਸਕੱਤਰੇਤ ਹੁਣ ਖੋਲ੍ਹ ਦਿੱਤਾ ਗਿਆ ਹੈ ਤੇ ਸਟਾਫ਼ ਅੱਜ ਤੋਂ ਕੰਮ ਉਤੇ ਆਉਣ ਲੱਗ ਪਿਆ ਹੈ। ਸੁਰੱਖਿਆ ਬਲਾਂ ਨੇ ਗਾਲੇ ਰੋਡ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਰੋਸ ਮੁਜ਼ਾਹਰਿਆਂ ਦੌਰਾਨ ਸਕੱਤਰੇਤ ਨੂੰ ਕਾਫ਼ੀ ਨੁਕਸਾਨ ਪੁੱਜਾ ਸੀ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਲੋੜੀਂਦੀ ਮੁਰੰਮਤ ਕਰਵਾਈ ਗਈ ਹੈ। ਰਾਸ਼ਟਰਪਤੀ ਦਫ਼ਤਰ ਦੇ ਬਾਹਰ ਬੈਠੇ ਮੁਜ਼ਾਹਰਾਕਾਰੀ ਸਾਬਕਾ ਰਾਸ਼ਟਰਪਤੀ ਰਾਜਪਕਸੇ ਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਵਿਕਰਮਸਿੰਘੇ ਦਾ ਅਸਤੀਫ਼ਾ ਮੰਗ ਰਹੇ ਸਨ। -ਪੀਟੀਆਈ
ਰਾਸ਼ਟਰਪਤੀ ਭਵਨ ’ਚੋਂ ਕੀਮਤੀ ਚੀਜ਼ਾਂ ਚੋਰੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ
ਸ੍ਰੀਲੰਕਾ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਰਾਸ਼ਟਰਪਤੀ ਦੀ ਰਿਹਾਇਸ਼ ਤੋਂ ਚੋਰੀ ਕੀਤੀਆਂ ਚੀਜ਼ਾਂ ਵੇਚਣ ਦਾ ਯਤਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। 9 ਜੁਲਾਈ ਨੂੰ ਰਾਸ਼ਟਰਪਤੀ ਭਵਨ ਵਿਚ ਦਾਖਲ ਹੋਏ ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਸੋਨੇ ਦੀ ਪਰਤ ਵਾਲੀਆਂ ਪਿੱਤਲ ਦੀਆਂ ਸਾਕੇਟ ਚੋਰੀ ਕਰ ਲਈਆਂ ਸਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਿਹਾਇਸ਼ ਵਿਚੋਂ ਕਰੀਬ 1000 ਚੀਜ਼ਾਂ ਚੋਰੀ ਹੋਈਆਂ ਹਨ। -ਪੀਟੀਆਈ