ਕੋਲੰਬੋ, 6 ਜੁਲਾਈ
ਸ੍ਰੀਲੰਕਾ ਭਾਰਤ ਦੇ ਪੰਜ ਸ਼ਹਿਰਾਂ ਵਿਚ ਰੋਡ ਸ਼ੋਅ ਕਰ ਕੇ ਗੁਆਂਢੀ ਮੁਲਕ ਤੋਂ ਵੱਧ ਤੋਂ ਵੱਧ ਸੈਲਾਨੀਆਂ ਨੂੰ ਦੇਸ਼ ਵਿਚ ਸੈਰ-ਸਪਾਟੇ ਲਈ ਖਿੱਚਣ ਦਾ ਯਤਨ ਕਰੇਗਾ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਹੈ ਤੇ ਉਨ੍ਹਾਂ ਨੂੰ ਵਿਦੇਸ਼ੀ ਮੁਦਰਾ ਦੀ ਸਖ਼ਤ ਲੋੜ ਹੈ। ਦੱਸਣਯੋਗ ਹੈ ਕਿ ਸ੍ਰੀਲੰਕਾ ਕੁਦਰਤੀ ਖ਼ੂਬਸੂਰਤੀ ਨਾਲ ਭਰਿਆ ਹੋਇਆ ਹੈ ਤੇ ਉੱਥੋਂ ਦੇ ਪਹਾੜ, ਸੋਹਣੇ ਬੀਚ ਤੇ ਸਮੁੰਦਰ ਨਾਲ ਲੱਗਦੇ ਕਸਬੇ ਪਹਿਲਾਂ ਵੀ ਵੱਡੀ ਗਿਣਤੀ ਸੈਲਾਨੀਆਂ ਨੂੰ ਖਿੱਚਦੇ ਰਹੇ ਹਨ। ਮਾੜੇ ਆਰਥਿਕ ਪ੍ਰਬੰਧਾਂ ਤੇ ਕਰੋਨਾ ਮਹਾਮਾਰੀ ਕਾਰਨ ਸ੍ਰੀਲੰਕਾ ਪਿਛਲੇ ਸੱਤ ਦਹਾਕਿਆਂ ਦੇ ਸਭ ਤੋਂ ਬੁਰੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਸ ਕਾਰਨ ਦੇਸ਼ ਦੀ ਸੈਰ-ਸਪਾਟਾ ਸਨਅਤ ਉਤੇ ਵੀ ਬਹੁਤ ਮਾੜਾ ਅਸਰ ਪਿਆ ਹੈ। 2.2 ਕਰੋੜ ਦੀ ਆਬਾਦੀ ਵਾਲੇ ਇਸ ਮੁਲਕ ਕੋਲ ਜ਼ਰੂਰੀ ਚੀਜ਼ਾਂ ਦਰਾਮਦ ਕਰਨ ਲਈ ਵਿਦੇਸ਼ੀ ਕਰੰਸੀ ਨਹੀਂ ਬਚੀ। ਇਸ ਕਾਰਨ ਦਵਾਈਆਂ, ਖਾਧ ਪਦਾਰਥਾਂ ਤੇ ਈਂਧਨ ਦੀ ਕਮੀ ਹੋ ਗਈ ਹੈ। ਹਾਲਾਂਕਿ ਇਸ ਉਥਲ-ਪੁਥਲ ਦੇ ਬਾਵਜੂਦ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਸਭ ਤੋਂ ਵੱਧ ਸੈਲਾਨੀ ਭਾਰਤ ਤੋਂ ਹੀ ਸ੍ਰੀਲੰਕਾ ਗਏ ਹਨ। ਇਹ ਗਿਣਤੀ ਕਰੀਬ 61 ਹਜ਼ਾਰ ਹੈ। ਸ੍ਰੀਲੰਕਾ ਦੇ ਸੈਰ-ਸਪਾਟਾ ਮੰਤਰੀ ਹਾਰਿਨ ਫਰਨੈਂਡੋ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਾਲ ਦੇ ਅੰਤ ਤੱਕ ਦਸ ਲੱਖ ਸੈਲਾਨੀ ਸ੍ਰੀਲੰਕਾ ਘੁੰਮਣ ਆਉਣਗੇ। -ਰਾਇਟਰਜ਼