ਕੋਲੰਬੋ, 4 ਮਈ
ਸ੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਜਦੋਂ ਦੇਸ਼ ਆਪਣੇ ਸਭ ਤੋਂ ਮਾੜੇ ਆਰਥਿਕ ਦੌਰ ਵਿੱਚੋਂ ਲੰਘ ਰਿਹਾ ਹੈ ਤਾਂ ਰਾਜਪਕਸ਼ੇ ਨੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਸਾਜਿਤ ਪ੍ਰੇਮਦਾਸਾ ਦੀ ਅਗਵਾਈ ਵਾਲੀ ਯੂਨਾਈਟਿਡ ਪੀਪਲਜ਼ ਫੋਰਸ ਪਾਰਟੀ ਦੇ ਸਮੂਹ ਨੇ ਪ੍ਰਸਤਾਵ ਪੇਸ਼ ਕੀਤਾ ਅਤੇ ਸੰਸਦ ਦੇ ਸਪੀਕਰ ਤੋਂ ਅਵਿਸ਼ਵਾਸ ਪ੍ਰਸਤਾਵ ‘ਤੇ ਵੋਟਿੰਗ ਕਰਵਾਉਣ ਦੀ ਮੰਗ ਕੀਤੀ। ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਗਿਆ ਹੈ, ਜਦੋਂ ਰਾਜਪਕਸ਼ੇ ਅਤੇ ਉਨ੍ਹਾਂ ਦੇ ਛੋਟੇ ਭਰਾ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਰਾਜਪਕਸ਼ੇ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸੱਤਾ ਤੋਂ ਹਟਾਉਣ ਲਈ 225 ਮੈਂਬਰੀ ਸੰਸਦ ਵਿੱਚ ਬਹੁਮਤ ਦੀ ਲੋੜ ਹੋਵੇਗੀ। ਯੂਨਾਈਟਿਡ ਪੀਪਲਜ਼ ਫੋਰਸ ਕੋਲ 54 ਵੋਟਾਂ ਹਨ ਅਤੇ ਉਸ ਨੂੰ ਛੋਟੀਆਂ ਪਾਰਟੀਆਂ ਤੋਂ ਸਮਰਥਨ ਮਿਲਣ ਦੀ ਉਮੀਦ ਹੈ। ਸੱਤਾਧਾਰੀ ਪਾਰਟੀ ਕੋਲ 150 ਦੇ ਕਰੀਬ ਵੋਟਾਂ ਹਨ ਪਰ ਆਰਥਿਕ ਮੰਦਹਾਲੀ ਦੌਰਾਨ ਇਹ ਗਿਣਤੀ ਘਟੀ ਹੈ, ਜਿਸ ਕਾਰਨ ਕੁਝ ਆਗੂਆਂ ਦੇ ਪਾਰਟੀ ਖ਼ਿਲਾਫ਼ ਜਾਣ ਦਾ ਡਰ ਹੈ।