ਕੋਲੰਬੋ, 29 ਜੂਨ
ਸ੍ਰੀਲੰਕਾ ਵਿਚ ਤਾਮਿਲ ਘੱਟਗਿਣਤੀ ਰਾਜਨੀਤਕ ਪਾਰਟੀਆਂ ਦੇ ਇਕ ਸਮੂਹ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਉਹ ਨੌਂ ਸੂਬਿਆਂ ਵਿਚ ਲੰਮੇ ਸਮੇਂ ਤੋਂ ਲਟਕੀਆਂ ਚੋਣਾਂ ਕਰਾਉਣ ਲਈ ਦਖ਼ਲ ਦੇਵੇ ਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਉਤੇ ਇਸ ਲਈ ਦਬਾਅ ਬਣਾਏ। ਸੂਬਾਈ ਚੋਣਾਂ 2018 ਤੋਂ ਕਿਸੇ ਕਾਨੂੰਨੀ ਅੜਿੱਕੇ ਕਾਰਨ ਨਹੀਂ ਹੋ ਸਕੀਆਂ ਹਨ। ਫ਼ਿਲਹਾਲ ਸਾਰੀਆਂ ਨੌਂ ਸੂਬਾਈ ਪਰਿਸ਼ਦਾਂ ਭੰਗ ਹਨ। ਤਾਮਿਲ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੰਗਲਵਾਰ ਨੂੰ ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨਾਲ ਮੁਲਾਕਾਤ ਕੀਤੀ ਤੇ ਨੌਂ ਸੂਬਿਆਂ ਵਿਚ ਚੋਣ ਕਰਾਉਣ ਲਈ ਸ੍ਰੀਲੰਕਾ ਦੇ ਰਾਸ਼ਟਰਪਤੀ ’ਤੇ ਭਾਰਤ ਵੱਲੋਂ ਦਬਾਅ ਬਣਾਉਣ ਦੀ ਮੰਗ ਕੀਤੀ। ਤਾਮਿਲ ਪ੍ਰੋਗਰੈਸਿਵ ਫਰੰਟ ਦੇ ਆਗੂ ਮਾਨੋ ਗਣੇਸ਼ਨ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਰਾਸ਼ਟਰਪਤੀ ਲੋਕਾਂ ਦਾ ਫ਼ਤਵਾ ਗੁਆ ਚੁੱਕੇ ਹਨ। ਇਸ ਲਈ ਜਨਤਾ ਦੀ ਰਾਇ ਜਾਣਨ ਲਈ ਮੁਲਤਵੀ ਹੋਈਆਂ ਸੂਬਾਈ ਪਰਿਸ਼ਦ ਦੀਆਂ ਚੋਣਾਂ ਕਰਾਉਣ ਲਈ ਇਹ ਸਭ ਤੋਂ ਢੁੱਕਵਾਂ ਸਮਾਂ ਹੈ।’ ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਰਾਜਪਕਸੇ ਉਤੇ ਕੋਈ ਭਰੋਸਾ ਨਹੀਂ ਹੈ ਕਿਉਂਕਿ ਉਹ ਲੋਕਾਂ ’ਚ ਭਰੋਸੇਯੋਗਤਾ ਗੁਆ ਚੁੱਕੇ ਹਨ। -ਪੀਟੀਆਈ