ਕੋਲੰਬੋ, 12 ਜੁਲਾਈ
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਆਪਣੇ ਅਸਤੀਫ਼ੇ ਉਤੇ ਦਸਤਖ਼ਤ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਕਿਹਾ ਸੀ ਕਿ ਉਹ 13 ਜੁਲਾਈ ਨੂੰ ਅਸਤੀਫ਼ਾ ਦੇ ਦੇਣਗੇ। ਸੰਸਦ ਦੇ ਸਪੀਕਰ ਭਲਕੇ ਰਾਜਪਕਸੇ ਦੇ ਅਸਤੀਫ਼ੇ ਬਾਰੇ ਦੇਸ਼ ਦੇ ਲੋਕਾਂ ਨੂੰ ਜਨਤਕ ਤੌਰ ਉਤੇ ਦੱਸਣਗੇ। ਰਾਸ਼ਟਰਪਤੀ ਨੇ ਅਸਤੀਫ਼ੇ ਉਤੇ ਦਸਤਖ਼ਤ ਕਰ ਕੇ ਇਸ ਨੂੰ ਇਕ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਹੈ ਜੋ ਅੱਗੇ ਇਸ ਨੂੰ ਸਪੀਕਰ ਹਵਾਲੇ ਕਰੇਗਾ। ਸਪੀਕਰ ਮਹਿੰਦਾ ਯਾਪਾ ਅਬੇਵਰਦਨਾ ਨੂੰ ਪੱਤਰ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।
ਉਹ ਭਲਕੇ ਇਸ ਬਾਰੇ ਐਲਾਨ ਕਰਨਗੇ ਤੇ ਇਸ ਤਰ੍ਹਾਂ ਗੋਟਾਬਾਯਾ ਦੇ ਰਾਸ਼ਟਰਪਤੀ ਸ਼ਾਸਨ ਦਾ ਅੰਤ ਹੋ ਜਾਵੇਗਾ। ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਰਾਜਪਕਸੇ ਸ੍ਰੀਲੰਕਾ ਛੱਡ ਕੇ ਚਲੇ ਗਏ ਹਨ ਪਰ ਸੂਤਰਾਂ ਨੇ ਮਗਰੋਂ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰਦਿਆਂ ਕਿਹਾ ਕਿ ਰਾਜਪਕਸੇ ਹਾਲੇ ਦੇਸ਼ ਵਿਚ ਹੀ ਹਨ ਤੇ ਹਥਿਆਰਬੰਦ ਬਲ ਉਨ੍ਹਾਂ ਦੀ ਰਾਖੀ ਕਰ ਰਹੇ ਹਨ। ਦੇਸ਼ ਵਿਚ ਨੌਂ ਜੁਲਾਈ ਨੂੰ ਹੋਏ ਦੰਗਿਆਂ ਤੋਂ ਪਹਿਲਾਂ ਵੀ ਰਾਜਪਕਸੇ ਨੂੰ ਰਾਸ਼ਟਰਪਤੀ ਦੀ ਰਿਹਾਇਸ਼ ਵਿਚੋਂ ਸੁਰੱਖਿਆ ਬਲਾਂ ਨੇ ਕੱਢਿਆ ਸੀ ਤੇ ਜਲ ਸੈਨਾ ਦੇ ਬੇੜੇ ਉਤੇ ਲਿਜਾਇਆ ਗਿਆ ਸੀ। ਰਾਜਪਕਸੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤਿੰਨਾਂ ਸੈਨਾਵਾਂ ਦੇ ਕਮਾਂਡਰਾਂ ਨਾਲ ਸੋਮਵਾਰ ਸਵੇਰੇ 9.30 ਵਜੇ ਮੁਲਾਕਾਤ ਕੀਤੀ ਸੀ। ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਭਲਕੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਆਰਜ਼ੀ ਤੌਰ ਉਤੇ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਜਾਵੇਗੀ। -ਆਈਏਐੱਨਐੱਸ
ਬਸਿਲ ਰਾਜਪਕਸੇ ਨੂੰ ਦੇਸ਼ ਛੱਡਣ ਤੋਂ ਰੋਕਿਆ
ਕੋਲੰਬੋ: ਸ੍ਰੀਲੰਕਾ ਦੇ ਸਾਬਕਾ ਵਿੱਤ ਮੰਤਰੀ ਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇ ਭਰਾ ਬਸਿਲ ਰਾਜਪਕਸੇ (71) ਨੂੰ ਅੱਜ ਕੋਲੰਬੋ ਹਵਾਈ ਅੱਡੇ ਤੋਂ ਉਸ ਵੇਲੇ ਮੋੜ ਦਿੱਤਾ ਗਿਆ ਜਦ ਉਹ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ। ਬਸਿਲ ਵੀਆਈਪੀ ਟਰਮੀਨਲ ਰਾਹੀਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਮੁਲਕ ਦੇ ਵਿੱਤੀ ਸੰਕਟ ਲਈ ਰਾਜਪਕਸੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸ੍ਰੀਲੰਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਮੈਂਬਰਾਂ ਨੇ ਬਸਿਲ ਨੂੰ ਵੀਆਈਪੀ ਟਰਮੀਨਲ ’ਤੇ ਰੋਕ ਦਿੱਤਾ ਤੇ ਕਲੀਅਰੈਂਸ ਨਹੀਂ ਦਿੱਤੀ ਗਈ। -ਪੀਟੀਆਈ