ਕੋਲੰਬੋ, 6 ਜੂਨ
ਸ੍ਰੀਲੰਕਾ ਦੀ ਇਕ ਅਦਾਲਤ ਨੇ ਅੱਜ ਉਸ ਹੁਕਮ ਨੂੰ ਖਾਰਜ ਕਰ ਦਿੱਤਾ ਹੈ ਜਿਸ ਤਹਿਤ ਰੂਸੀ ਕੰਪਨੀ ‘ਏਅਰੋਫਲੋਤ’ ਦੇ ਜਹਾਜ਼ ਨੂੰ ਰਾਜਧਾਨੀ ’ਚੋਂ ਉਡਾਣ ਭਰਨ ਤੋਂ ਰੋਕਿਆ ਗਿਆ ਸੀ। ਹੁਣ ਰੂਸੀ ਜਹਾਜ਼ ਮਾਸਕੋ ਲਈ ਉਡਾਣ ਭਰ ਸਕੇਗਾ। ਵੇਰਵਿਆਂ ਮੁਤਾਬਕ ਏਅਰਬੱਸ ਏ330-343 ਜਹਾਜ਼ ਨੇ 2 ਜੂਨ ਨੂੰ 191 ਯਾਤਰੀਆਂ ਨਾਲ ਮਾਸਕੋ ਲਈ ਉਡਾਣ ਭਰਨੀ ਸੀ, ਪਰ ਇਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਜਹਾਜ਼ ਦੀ ਮਾਲਕ ਆਇਰਲੈਂਡ ਦੀ ਕੰਪਨੀ ‘ਸਲੈਸਟੀਅਲ’ ਐਵੀਏਸ਼ਨ ਨੇ ਏਅਰੋਫਲੋਤ ਉਤੇ ਕੇਸ ਕੀਤਾ ਹੋਇਆ ਹੈ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਏਅਰੋਫਲੋਤ ਤੇ ਆਇਰਲੈਂਡ ਦੀ ਕੰਪਨੀ ਵਿਚਾਲੇ ਝਗੜਾ ਨਿਰੋਲ ਕਾਰੋਬਾਰੀ ਕਿਸਮ ਦਾ ਹੈ ਤੇ ਇਹ ਇਨ੍ਹਾਂ ਦੋਵਾਂ ਧਿਰਾਂ ਨੂੰ ਆਪਣੇ ਪੱਧਰ ਉਤੇ ਹੀ ਨਬਿੇੜਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਰੂਸੀ ਸਰਕਾਰ ਨੇ ਇਸ ਮਾਮਲੇ ਵਿਚ ਮਾਸਕੋ ’ਚ ਸ੍ਰੀਲੰਕਾ ਦੇ ਰਾਜਦੂਤ ਨੂੰ ਤਲਬ ਕਰ ਲਿਆ ਸੀ। ਜਹਾਜ਼ ਦੀ ਮਾਲਕ ਕੰਪਨੀ ਦਾ ਕਹਿਣਾ ਹੈ ਕਿ ਏਅਰੋਫਲੋਤ ਨੂੰ ਜਹਾਜ਼ ਨਾ ਉਡਾਉਣ ਲਈ ਕਿਹਾ ਗਿਆ ਸੀ ਕਿਉਂਕਿ ਲੀਜ਼ ਮਾਰਚ ਵਿਚ ਖ਼ਤਮ ਹੋ ਗਈ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਮਾਸਕੋ ਤੇ ਕੋਲੰਬੋ ਵਿਚਾਲੇ ਉਡਾਣ ਚਲਾਈ। ਰੂਸ ਨੇ ਸ੍ਰੀਲੰਕਾ ਲਈ ਏਅਰੋਫਲੋਤ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। -ਪੀਟੀਆਈ