ਮੈਡਰਿਡ, 24 ਜੂਨ
ਮੈਕੇਫੀ ਐਂਟੀਵਾਇਰਸ ਸਾਫਟਵੇਅਰ ਬਣਾਉਣ ਵਾਲਾ ਜੌਹਨ ਮੈਕੇਫੀ ਬਾਰਸੀਲੋਨਾ ਨੇੜੇ ਸਥਿਤ ਇਕ ਜੇਲ੍ਹ ਦੀ ਕੋਠੜੀ ਵਿਚ ਬੁੱਧਵਾਰ ਨੂੰ ਮਰਿਆ ਮਿਲਿਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਇਹ ਜਾਣਕਾਰੀ ਅੱਜ ਸਰਕਾਰੀ ਅਧਿਕਾਰੀਆਂ ਨੇ ਦਿੱਤੀ।
ਇਸ ਤੋਂ ਕੁਝ ਘੰਟੇ ਪਹਿਲਾਂ ਸਪੇਨ ਦੀ ਇਕ ਅਦਾਲਤ ਨੇ 75 ਸਾਲਾ ਮੈਕੇਫੀ ਨੂੰ ਸਪੇਨ ਤੋਂ ਅਮਰੀਕਾ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ। ਮੈਕੇਫੀ ’ਤੇ ਅਮਰੀਕਾ ਵਿਚ ਟੈਕਸ ਚੋਰੀ ਦੇ ਦੋਸ਼ ਹਨ ਅਤੇ ਅਜਿਹੇ ਦੋਸ਼ ਸਾਬਿਤ ਹੋਣ ’ਤੇ ਸਜ਼ਾ ਵਜੋਂ ਲੰਬੀ ਕੈਦ ਹੁੰਦੀ ਹੈ। ਖੇਤਰੀ ਕੈਟਾਲੋਨੀਆ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੇਲ੍ਹ ਮੁਲਾਜ਼ਮਾਂ ਨੇ ਮੈਕੇਫੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਵਿਚ ਦੱਸਿਆ ਗਿਆ ਹੈ, ‘‘ਮੌਤ ਦੇ ਕਾਰਨਾਂ ਦਾ ਪਤਾ ਲਾਉਣ ਸਬੰਧੀ ਜਾਂਚ ਕਰਨ ਲਈ ਇਕ ਨਿਆਂਇਕ ਟੀਮ ਪਹੁੰਚ ਗਈ ਹੈ। ਸਾਰੇ ਹਾਲਾਤ ਖ਼ੁਦਕੁਸ਼ੀ ਵੱਲ ਇਸ਼ਾਰਾ ਕਰਦੇ ਹਨ।’’ ਹਾਲਾਂਕਿ ਇਸ ਬਿਆਨ ਵਿਚ ਮੈਕੇਫੀ ਦਾ ਨਾਮ ਨਹੀਂ ਲਿਆ ਗਿਆ ਹੈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਮਰਨ ਵਾਲਾ ਵਿਅਕਤੀ 75 ਸਾਲਾ ਅਮਰੀਕੀ ਨਾਗਰਿਕ ਸੀ ਜਿਸ ਨੂੰ ਉਸ ਦੇ ਦੇਸ਼ ਹਵਾਲੇ ਕੀਤਾ ਜਾਣਾ ਸੀ।
ਹਾਲਾਂਕਿ, ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਏਪੀ ਕੋਲ ਪੁਸ਼ਟੀ ਕੀਤੀ ਕਿ ਮਰਨ ਵਾਲਾ ਵਿਅਕਤੀ ਮੈਕੇਫੀ ਹੀ ਸੀ। ਸਪੇਨ ਦੀ ਕੌਮੀ ਅਦਾਲਤ ਨੇ ਸੋਮਵਾਰ ਨੂੰ ਮੈਕੇਫੀ ਨੂੰ ਉਸ ਦੇ ਦੇਸ਼ ਹਵਾਲੇ ਕਰਨ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਸੀ। -ਏਪੀ
ਜੱਜ ਵੱਲੋਂ ਮੈਕੇਫੀ ਦਾ ਪੋਸਟਮਾਰਟਮ ਕਰਨ ਦੇ ਹੁਕਮ
ਸਪੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਮੈਕੇਫੀ ਐਂਟੀਵਾਇਰਸ ਸਾਫਟਵੇਅਰ ਬਣਾਉਣ ਵਾਲੇ ਜੌਹਨ ਮੈਕੇਫੀ ਦੀ ਜੇਲ੍ਹ ਵਿਚ ਹੋਈ ਮੌਤ ਤੋਂ ਬਾਅਦ ਇਕ ਜੱਜ ਨੇ ਲਾਸ਼ ਦਾ ਪੋਸਟਮਾਰਟਮ ਕਰਨ ਦਾ ਹੁਕਮ ਦੇ ਦਿੱਤਾ ਹੈ। ਅਦਾਲਤ ਦੀ ਤਰਜਮਾਰਨ ਨੇ ਵੀਰਵਾਰ ਨੂੰ ਕਿਹਾ ਕਿ ਇਕ ਫੋਰੈਂਸਿਕ ਟੀਮ ਵੱਲੋਂ ਮੈਕੇਫੀ ਦੀ ਲਾਸ਼ ਦਾ ਪਰੀਖਣ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਆਉਣ ਵਿਚ ਕੁਝ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ। -ਏਪੀ