ਕੇਪ ਕੈਨਾਵਰਲ (ਅਮਰੀਕਾ): ਸਪੇਸ-ਐਕਸ ਦਾ ਪੁਲਾੜ ਜਹਾਜ਼ ਅੱਜ ਮੈਕਸਿਕੋ ਦੀ ਖਾੜੀ ’ਚ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਮੁੜਿਆ ਹੈ। ਐਲਨ ਮਸਕ ਦੀ ਕੰਪਨੀ ਸਪੇਸ-ਐੱਕਸ ਲਈ ਪੁਲਾੜ ਦੇ ਸਫ਼ਰ ਦਾ ਇਹ ਹੁਣ ਤੱਕ ਦਾ ਸਭ ਤੋਂ ਰੁਝੇਵੇਂ ਵਾਲਾ ਸਮਾਂ ਹੈ। ਤਿੰਨ ਅਮਰੀਕੀ ਤੇ ਇੱਕ ਜਰਮਨ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵਿਦਾ ਹੋਣ ਤੋਂ 24 ਘੰਟੇ ਤੋਂ ਵੀ ਘੱਟ ਸਮੇਂ ਅੰਦਰ ਕੈਪਸੂਲ ਰਾਹੀਂ ਟੰਪਾ ਨੇੜੇ ਫਲੋਰਿਡਾ ਦੇ ਤੱਟ ਨੇੜੇ ਉੱਤਰੇ। ਅਮਰੀਕੀ ਪੁਲਾੜ ਏਜੰਸੀ ਨਾਸਾ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਹਿਊਸਟਨ ਲਿਜਾਵੇਗੀ। ਕੈਪਸੂਲ ਦੇ ਕਮਾਂਡਰ ਰਾਜਾ ਚਾਰੀ ਨੇ ਕਿਹਾ, ‘ਇਹ ਇੱਕ ਸ਼ਾਨਦਾਰ ਸਫ਼ਰ ਸੀ।’ ਇਸ ਸਫ਼ਰ ’ਚ ਨਾਸਾ ਦੇ ਚਾਰੀ, ਟੌਮ ਮਾਰਸ਼ਬਰਨ ਦੇ ਕਾਇਲਾ ਬੈਰਨ ਅਤੇ ਯੂਰੋਪੀ ਪੁਲਾੜ ਏਜੰਸੀ ਤੋਂ ਮੈਥੀਆਸ ਮੌਰੇਰ ਪੁਲਾੜ ਤੋਂ ਵਾਪਸ ਆਏ ਹਨ। ਬੀਤੇ ਦਿਨ ਉਹ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ ਤੇ ਹੁਣ ਉੱਥੇ ਬਾਕੀ ਸੱਤ ਪੁਲਾੜ ਯਾਤਰੀ ਹਨ। ਇਨ੍ਹਾਂ ’ਚ ਤਿੰਨ ਰੂਸੀ, ਤਿੰਨ ਅਮਰੀਕੀ ਤੇ ਇੱਕ ਇਤਾਲਵੀ ਹੈ। -ਏਪੀ