ਇੰਚੀਓਨ, 13 ਜੂਨ
ਕਾਂਗ ਮਿਊਂਗ-ਗਿਲ ਨੇ ਆਪਣਾ ਟਰੱਕ ਖੜ੍ਹਾ ਕਰਕੇ ਸੈਮਸੰਗ ਇਲਕੈਟ੍ਰੋਨਿਕਸ ਅਤੇ ਹੋਰ ਦੱਖਣੀ ਕੋਰੀਆ ਦੀਆਂ ਕੰਪਨੀਆਂ ਦੇ ਉਤਪਾਦ ਇੰਚੀਓਨ ਦੀ ਬੰਦਰਗਾਹ ’ਤੇ ਲਿਆਉਣੇ ਬੰਦ ਕਰ ਦਿੱਤੇ ਹਨ। ਉਸ ਵੱਲੋਂ ਇੱਥੇ ਚੱਲ ਰਹੀ ਟਰੱਕ ਮਾਲਕਾਂ ਦੀ ਹੜਤਾਲ ਦਾ ਸਮਰਥਨ ਕੀਤਾ ਜਾ ਰਿਹਾ ਹੈ। 50 ਸਾਲਾ ਕਾਂਗ ਨੇ ਕਿਹਾ ਕਿ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾਅ ’ਤੇ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਹੋਰ ਲਾਗਤਾਂ ਕਾਰਨ ਉਸ ਲਈ ਕਾਰੋਬਾਰ ਜਾਰੀ ਰੱਖਣਾ ਮੁਸ਼ਕਲ ਹੈ। ਉਸ ਨੇ ਕਿਹਾ ਭਾਵੇਂ ਉਹ ਕਿਸੇ ਵੀ ਜਥੇਬੰਦੀ ਦਾ ਮੈਂਬਰ ਨਹੀਂ ਹੈ ਪਰ ਹੜਤਾਲ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਉਸ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ। ਉਸ ਨੇ ਪੁੱਛਿਆ, ‘‘ਜਦੋਂ ਦੁਨੀਆਂ ਦੇ ਹੋਰ ਦੇਸ਼ ਬਿਹਤਰ ਹੋ ਰਹੇ ਹਨ ਤਾਂ ਅਸੀਂ ਕਿਉਂ ਪੱਛੜਦੇ ਜਾ ਰਹੇ ਹਾਂ?’’ ਜ਼ਿਕਰਯੋਗ ਹੈ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਅਤੇ ਘੱਟੋ-ਘੱਟ ਤਨਖਾਹ ਦੀ ਗਾਰੰਟੀ ਦੀ ਮੰਗ ਸਬੰਧੀ ਟਰੱਕ ਮਾਲਕਾਂ ਦੀ ਚੱਲ ਰਹੀ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਈ ਹੈ। -ਰਾਇਟਰਜ਼