ਵਾਸ਼ਿੰਗਟਨ, 25 ਅਗਸਤ
ਭਾਰਤੀ ਅਮਰੀਕੀ ਨਿੱਕੀ ਹੇਲੀ ਸਮੇਤ ਰਿਪਬਲਿਕਨ ਪਾਰਟੀ ਦੇ ਸਿਖਰਲੇ ਆਗੂਆਂ ਨੇ ਅਮਰੀਕੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਤੇ ਸੈਨੇਟਰ ਕਮਲਾ ਹੈਰਿਸ ਜਿੱਤ ਜਾਂਦੇ ਹਨ ਤਾਂ ਇਹ ਦੇਸ਼ ਦੇ ਅਰਥਚਾਰੇ ਲਈ ਕਿਸੇ ‘ਮੁਸੀਬਤ/ਆਫ਼ਤ’ ਤੋਂ ਘੱਟ ਨਹੀਂ ਹੋਵੇਗਾ। ਆਗੂਆਂ ਨੇ ਕਿਹਾ ਕਿ ਡੈਮੋਕਰੈਟਿਕ ਪਾਰਟੀ ਊਮੀਦਵਾਰਾਂ ਦੀ ਜਿੱਤ ਅਮਰੀਕਾ ਨੂੰ ‘ਕਾਲਪਨਿਕ ਤੌਰ ’ਤੇ ਸਮਾਜਵਾਦੀ’ ਵਿੱਚ ਤਬਦੀਲ ਕਰ ਦੇਵੇਗੀ। ਪਾਰਟੀ ਦੇ ਸੀਨੀਅਰ ਆਗੂ ਰਿਪਬਲਿਕਨਾਂ ਦੀ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਆਗੂਆਂ ਨੇ ਕਿਹਾ ਕਿ 3 ਨਵੰਬਰ ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਜੇਕਰ ਹਾਰ ਗਏ ਤਾਂ ਇਹ ਅਮਰੀਕੀਆਂ ਦੇ ਭਵਿੱਖ ਦੇ ਲਈ ਖ਼ਤਰੇ ਦੀ ਘੰਟੀ ਹੋਵੇਗਾ। ਅਗਾਮੀ ਚੋਣਾਂ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਡੈਮੋਕਰੈਟ ਉਮੀਦਵਾਰਾਂ ਜੋਅ ਬਾਇਡਨ ਤੇ ਭਾਰਤੀ ਅਮਰੀਕੀ ਕਮਲਾ ਹੈਰਿਸ ਨੂੰ ਟੱਕਰ ਦੇਣਗੇ। ਚਾਰ ਰੋਜ਼ਾ ਕਨਵੈਨਸ਼ਨ ਦੀ ਪਹਿਲੀ ਰਾਤ ਸੰਯੁਕਤ ਰਾਸ਼ਟਰ ਵਿੱਚ ਸਾਬਕਾ ਅਮਰੀਕੀ ਸਫ਼ੀਰ ਹੇਲੀ ਨੇ ਡੈਮੋਕਰੈਟਾਂ ਦੇ ਹਵਾਲੇ ਨਾਲ ਕਿਹਾ, ‘ਉਨ੍ਹਾਂ ਦਾ ਅਮਰੀਕਾ ਪ੍ਰਤੀ ਨਜ਼ਰੀਆ ਸਮਾਜਵਾਦ ਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਸਮਾਜਵਾਦ ਹਰ ਵਾਰ ਨਾਕਾਮ ਸਾਬਤ ਹੋਇਆ ਹੈ।’ ਦੋ ਵਾਰ ਦੱਖਣੀ ਕੈਰੋਲੀਨਾ ਦੀ ਗਵਰਨਰ ਰਹੀ ਹੇਲੀ ਨੇ ਕਿਹਾ, ‘ਜੋਅ ਬਾਇਡਨ ਤੇ ਖੱਬੇ-ਪੱਖੀ ਸਮਾਜਵਾਦੀ ਸਾਡੇ ਅਰਥਚਾਰੇ ਲਈ ਮੁਸੀਬਤ ਬਣ ਜਾਣਗੇ। ਪਰ ਰਾਸ਼ਟਰਪਤੀ ਟਰੰਪ ਨੇ ਮੌਕਿਆਂ ਦੇ ਇਕ ਨਵੇਂ ਯੁੱਗ ਦੀ ਅਗਵਾਈ ਕੀਤੀ ਹੈ।’ ਸੈਨੇਟਰ ਟਿਮ ਸਕੌਟ ਨੇ ਬਾਇਡਨ-ਹੈਰਿਸ ਜੋੜੇ ਦੀ ਰੱਜ ਕੇ ਨੁਕਤਾਚੀਨੀ ਕੀਤੀ। ਸਕੌਟ ਨੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਦੇਸ਼ ਨੂੰ ਕਾਲਪਨਿਕ ਸਮਾਜਵਾਦ ’ਚ ਤਬਦੀਲ ਕਰ ਦੇਣਗੇ ਤੇ ਇਤਿਹਾਸ ਗਵਾਹ ਹੈ ਕਿ ਇਹ ਰਸਤਾ ਸਿਰਫ਼ ਦੁੱਖ ਤੇ ਸੰਤਾਪ ਵੱਲ ਲਿਜਾਂਦਾ ਹੈ। -ਪੀਟੀਆਈ
ਚੀਨੀ ਵਾਇਰਸ ਨੂੰ ਭਜਾਉਣਾ ਹੋਵੇਗਾ: ਟਰੰਪ
ਨਿਊ ਯਾਰਕ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾਵਾਇਰਸ ਮਹਾਮਾਰੀ ਦਾ ਮੂਹਰੇ ਹੋ ਕੇ ਟਾਕਰਾ ਕਰਨ ਵਾਲੇ ਕਾਮਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕੀਆਂ ਨੂੰ ‘ਚੀਨ ਤੋਂ ਉਪਜੇ ਇਸ ਵਾਇਰਸ ਨੂੰ ਭਜਾਉਣਾ ਹੋਵੇਗਾ।’ ਅਮਰੀਕੀ ਸਦਰ ਇਥੇ ਓਵਲ ਦਫ਼ਤਰ ਵਿੱਚ ਮੂਹਰਲੀ ਕਤਾਰ ਦੇ ਕਾਮਿਆਂ- ਡਾਕਟਰਾਂ, ਨਰਸਾਂ, ਅੱਗ ਬੁਝਾਊ ਦਸਤਿਆਂ, ਪੁਲੀਸ ਮੁਲਾਜ਼ਮਾਂ ਤੇ ਪੋਸਟਲ ਕਾਮਿਆਂ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ