ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 31 ਦਸੰਬਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਸਾਲ 2021 ’ਚ ਪਈ ਰਿਕਾਰਡਤੋੜ ਗਰਮੀ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਹੁਣ ਭਰਵੀਂ ਬਰਫ਼ਬਾਰੀ ਆਪਣੇ ਰੰਗ ਦਿਖਾ ਰਹੀ ਹੈ। ਸਰਦ ਰੁੱਤ ਵਿਚ ਇਕ ਦੋ ਵਾਰ ਹਲਕੀ ਬਰਫਬਾਰੀ ਦੀ ਥਾਂ ਐਤਕੀਂ ਨਵੰਬਰ ਚੜ੍ਹਦੇ ਹੀ ਬਰਫ਼ ਪੈਣ ਲੱਗ ਪਈ ਸੀ। ਅੱਜ ਕਈ ਥਾਈਂ ਡੇਢ-ਦੋ ਫੁੱਟ ਤੱਕ ਪਈ ਬਰਫ਼ ਨੇ ਲੋਕਾਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ। ਵੈਨਕੂਵਰ ਨੇੜਲੇ ਵੱਡੇ ਖੇਤਰ ਵਿਚ ਪਈ ਬਰਫ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਤੇ ਸੜਕਾਂ ’ਤੇ ਆਵਾਜਾਈ ਬਹੁਤ ਘਟ ਗਈ। ਇਸ ਦੇ ਨਾਲ ਹੀ ਸੜਕਾਂ ਤੋਂ ਬਰਫ਼ ਸਾਫ਼ ਕਰਨ ਦੇ ਸਰਕਾਰੀ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ ਹੈ। ਮੁੱਖ ਸੜਕਾਂ ਦੀ ਸਫ਼ਾਈ ’ਚ ਘੰਟਿਆਂ ਦੀ ਦੇਰੀ ਹੋ ਰਹੀ ਹੈ। ਦਰਵਾਜ਼ਿਆਂ ਅੱਗੇ ਬਰਫ਼ ਜਮ੍ਹਾਂ ਹੋਣ ਕਾਰਨ ਲੋਕ ਘਰਾਂ ’ਚ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਨੇ ਹੋਰ ਚਿਤਾਵਨੀਆਂ ਜਾਰੀ ਕੀਤੀਆਂ ਹਨ। ਕਈ ਦਿਨਾਂ ਤੋਂ ਤਾਪਮਾਨ ਮਨਫ਼ੀ ਵਿੱਚ ਚੱਲ ਰਿਹਾ ਹੈ। ਅੱਜ ਦੁਪਹਿਰੇ ਧੁੱਪ ਤਾਂ ਨਿਕਲੀ ਪਰ ਤਾਪਮਾਨ ਮਨਫ਼ੀ 20 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ 10-12 ਸੈਂਟੀਮੀਟਰ ਬਰਫ਼ ਹੋਰ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਹਤਿਹਾਤ ਵਜੋਂ ਫੈਰੀ ਅਤੇ ਸਮੁੰਦਰੀ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਟੈਲੀਕੌਮ ਟਾਵਰਾਂ ਉਤੇ ਬਰਫ਼ ਜੰਮਣ ਕਾਰਣ ਫੋਨ ਤੇ ਇੰਟਰਨੈੱਟ ਸੇਵਾ ਪ੍ਰਭਾਵਿਤ ਹੋ ਰਹੀ ਹੈ।