ਜਕਾਰਤਾ, 25 ਫਰਵਰੀ
ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ’ਤੇ ਕੰਮ ਕਰ ਰਹੇ ਕਰੀਬ ਦੋ ਦਰਜਨ ਵਿਅਕਤੀਆਂ ’ਤੇ ਸੋਨੇ ਦੀ ਇਕ ਗੈਰ-ਕਾਨੂੰਨੀ ਖਾਣ ਡਿੱਗ ਗਈ। ਇਸ ਘਟਨਾ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਇੱਕ ਜਣਾ ਲਾਪਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਸ ਘਟਨਾ ਵਿੱਚ ਬਚਣ ਵਾਲਿਆਂ ਦਾ ਅਨੁਮਾਨ ਹੈ ਕਿ ਬੁੱਧਵਾਰ ਦੇਰ ਰਾਤ ਕੇਂਦਰੀ ਸੁਲਾਵੇਸੀ ਦੇ ਪ੍ਰਾਂਤ ਪਰੀਗੀ ਮਾਊਤੌਂਗ ਜ਼ਿਲ੍ਹੇ ਵਿੱਚ ਇਕ ਖਾਣ ਦੀਆਂ ਢਿੱਗਾਂ ਡਿੱਗਣ ਕਾਰਨ ਕਰੀਬ 23 ਵਿਅਕਤੀ ਮਲਬੇ ਹੇਠ ਦੱਬ ਗਏ। ਸਥਾਨਕ ਖੋਜ ਤੇ ਬਚਾਅ ਏਜੰਸੀ ਦੇ ਮੁਖੀ ਐਂਡਰਿਆਸ ਹੈਂਡਰਿਕ ਜੋਹਾਨੈੱਸ ਨੇ ਦੱਸਿਆ ਕਿ ਬਚਾਅ ਦਲ ਨੇ 16 ਵਿਅਕਤੀਆਂ ਨੂੰ ਮਲਬੇ ਹੇਠਿਓਂ ਕੱਢ ਲਿਆ ਅਤੇ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਔਰਤਾਂ ਤੇ ਦੋ ਬੰਦਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਅਧਿਕਾਰੀ ਨੇ ਦੱਸਿਆ ਕਿ ਇਸ ਬਚਾਅ ਕਾਰਜ ਵਿੱਚ ਪੁਲੀਸ, ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮ, ਫ਼ੌਜੀ ਸੈਨਿਕ ਤੇ ਵਾਲੰਟੀਅਰ ਸ਼ਾਮਲ ਹਨ ਅਤੇ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਅਜੇ ਵੀ ਲਾਪਤਾ ਹਨ।
-ਏਪੀ