ਵਾਸ਼ਿੰਗਟਨ, 26 ਅਪਰੈਲ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਸਿਲੀਕਾਨ ਵੈਲੀ ਦੇ ਨਿਵੇਸ਼ਕਾਂ ਨੂੰ ਭਾਰਤ ਦੀ ਤਰੱਕੀ ਵਿਚ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਅਮਰੀਕਾ ਨਾਲ ਵਿੱਤੀ ਸੇਵਾਵਾਂ ਤੇ ਉੱਭਰ ਰਹੀ ਤਕਨੀਕ ਦੇ ਖੇਤਰ ਵਿਚ ਭਾਈਵਾਲੀ ਪਾਉਣ ਦਾ ਪੱਖ ਵੀ ਪੂਰਿਆ। ‘ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼’ (ਸੀਆਈਆਈ), ਯੂਐੱਸ ਚੈਂਬਰ ਆਫ ਕਾਮਰਸ ਤੇ ਅਮਰੀਕਾ-ਭਾਰਤ ਕਾਰੋਬਾਰੀ ਕੌਂਸਲ ਵੱਲੋਂ ਕਰਵਾਏ ਇਕ ਸਮਾਗਮ ਵਿਚ ਉਨ੍ਹਾਂ ਕਿਹਾ ਕਿ ਵਿੱਤੀ ਖੇਤਰ ਨਾਲ ਜੁੜੀ ਤਕਨੀਕ (ਫਿਨਟੈੱਕ) ਟਿਕਾਊ ਤੇ ਸੰਪੁੂਰਨ ਵਿਕਾਸ ਲਈ ਵਿਲੱਖਣ ਮੌਕਾ ਦਿੰਦੀ ਹੈ। ਸੀਤਾਰਾਮਨ ਨੇ ਕਿਹਾ ਕਿ ਵਿੱਤੀ ਵਰ੍ਹੇ 2023 ਵਿਚ 8 ਪ੍ਰਤੀਸ਼ਤ ਵਿਕਾਸ ਦਰ ਦੇ ਅੰਦਾਜ਼ੇ ਨਾਲ, ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਆਰਥਿਕਤਾ ਬਣਿਆ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਫਿਨਟੈੱਕ’ ਖੇਤਰ ਵਿਚ ਕਾਫੀ ਸੰਭਾਵਨਾਵਾਂ ਤੇ ਮੌਕੇ ਹਨ। ਇਸ ਮੌਕੇ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸ਼ਵਰਨ, ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ। ਇਸ ਸਮਾਗਮ ਵਿਚ ਬਲੈਕਸਟੋਨ, ਸਿਟੀ, ਨੋਵਾ ਕਰੈਡਿਟ, ਪਾਲੋ ਆਲਟੋ ਨੈੱਟਵਰਕਸ, ਮੌਰਗਨ ਸਟੈਨਲੇ, ਬੋਅ ਕੈਪੀਟਲਸ ਤੇ ਨੈਸਡੈਕ ਜਿਹੀਆਂ ਫਰਮਾਂ ਨੇ ਹਿੱਸਾ ਲਿਆ। -ਪੀਟੀਆਈ
ਭਾਰਤੀ ਭਾਈਚਾਰੇ ਨੇ ਵਿੱਤ ਮੰਤਰੀ ਅੱਗੇ ਰੱਖੀਆਂ ਕਈ ਮੰਗਾਂ
ਵਾਸ਼ਿੰਗਟਨ: ਭਾਰਤੀ ਭਾਈਚਾਰੇ ਦੇ ਉੱਘੇ ਸੰਗਠਨ ਐਫਆਈਆਈਡੀਐੱਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਬੇਨਤੀ ਕੀਤੀ ਹੈ ਕਿ ਐਨਆਰਆਈਜ਼, ਓਸੀਆਈ ਕਾਰਡਧਾਰਕਾਂ ਨੂੰ ਭਾਰਤ ਦੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਨਿਵੇਸ਼ ਆਵੇਗਾ ਤੇ ਭਾਰਤੀ ਅਰਥਵਿਵਸਥਾ ਹੋਰ ਤੇਜ਼ੀ ਨਾਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਦਾ ਵੱਡਾ ਵਰਗ ਇਸ ਕਦਮ ਦੇ ਪੱਖ ਵਿਚ ਹੈ। ਸੰਗਠਨ ਨੇ ਨਾਲ ਹੀ ਬੇਨਤੀ ਕੀਤੀ ਕਿ ਦੁੱਗਣੇ ਟੈਕਸ ਤੋਂ ਬਚਾਅ ਬਾਰੇ ਕੀਤੇ ਗਏ ਸਮਝੌਤੇ ਦਾ ਦਾਇਰਾ ਵਧਾਇਆ ਜਾਵੇ ਤਾਂ ਕਿ ਜਿਸ ਆਮਦਨ ’ਤੇ ਭਾਰਤ ਵਿਚ ਟੈਕਸ ਲੱਗਦਾ ਹੈ, ਉਸ ਉਤੇ ਅਮਰੀਕਾ ਵਿਚ ਟੈਕਸ ਨਾ ਲੱਗੇ। -ਪੀਟੀਆਈ