ਸਿੰਗਾਪੁਰ, 8 ਜੁਲਾਈ
ਸਿੰਗਾਪੁਰ ’ਚ ਇੱਕ ਉਸਾਰੀ ਅਧੀਨ ਜਨਤਕ ਰਿਹਾਇਸ਼ੀ ਪ੍ਰਾਜੈਕਟ ’ਤੇ ਫੋਰਕਲਿਫਟ ਦੀ ਲਪੇਟ ’ਚ ਆਉਣ ਕਾਰਨ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ‘ਦਿ ਸਟਰੇਟ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਵੀਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਇੱਕ ਵਰਕਰ ਫੋਰਕਲਿਫਟ ’ਤੇ ਪਿਛਲੇ ਪਾਸੇ ਖੜ੍ਹ ਕੇ ਬਿਜਲੀ ਵਾਲੀ ਤਾਰ ਨੂੰ ਬੀਮ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸੇ ਸਮੇਂ ਫੋਰਕਲਿਫਟ ਅਚਾਨਕ ਪਿੱਛੇ ਮੁੜ ਗਈ। ਮਨੁੱਖੀ ਸ਼ਕਤੀ ਮੰਤਰਲੇ ਨੇ ਦੱਸਿਆ ਕਿ ਇਹ ਹਾਦਸਾ ਸਰਕਾਰ ਵੱਲੋਂ ਸੰਚਾਲਿਤ ਹਾਊਸਿੰਗ ਐਂਡ ਡਿਵੈੱਲਪਮੈਂਟ ਬੋਰਡ ਦੇ ਆਗਾਮੀ ਜਨਤਕ ਰਿਹਾਇਸ਼ੀ ਪ੍ਰਾਜੈਕਟ ਵਾਲੀ ਜਗ੍ਹਾ ’ਤੇ ਸਵੇਰੇ 10 ਵਜੇ ਵਾਪਰਿਆ ਤੇ ਵਰਕਰ ਫੋਰਕਲਿਫਟ ਅਤੇ ਬੀਮ ਦੇ ਵਿਚਕਾਰ ਫਸ ਗਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। -ਪੀਟੀਆਈ