ਪੈਰਿਸ (ਗੁਰਪ੍ਰੀਤ ਸਿੰਘ ਕਾਹਲੋਂ): ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੈਰਿਸ ਦੇ ਸਮੂਹ ਗੁਰੂ ਘਰਾਂ, ਜਥੇਬੰਦੀਆਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਹੱਕ ਵਿਚ ਆਈਫਲ ਟਾਵਰ ਤੋਂ ਭਾਰਤੀ ਸਫਾਰਤਖਾਨੇ ਤੱਕ ਪੈਦਲ ਮਾਰਚ ਕੱਢਿਆ ਗਿਆ। ਇਸ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਵਿਦੇਸ਼ੀਆਂ ਨੇ ਵੀ ਸ਼ਮੂਲੀਅਤ ਕੀਤੀ। ਦੂਤਾਵਾਸ ਤੋਂ ਸੌ ਮੀਟਰ ਦੂਰ ਭਾਰੀ ਗਿਣਤੀ ਵਿੱਚ ਤਾਇਨਾਤ ਪੁਲੀਸ ਨੇ ਮਾਰਚ ਨੂੰ ਰੋਕ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ਰੋਸ ਪ੍ਰਗਟ ਕੀਤਾ ਤੇ ਭਾਰਤ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਕਈ ਹਵਾਲੇ ਦੇ ਕੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।