ਲਾਹੌਰ: ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਸ਼ਾਹਬਾਜ਼ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਲਈ ਲੰਡਨ ਵਿਚ ਰਹਿ ਰਹੇ ਆਪਣੇ ‘ਭਗੌੜੇ’ ਭਰਾ ਨਵਾਜ਼ ਸ਼ਰੀਫ਼ ਦੀ ਸਲਾਹ ਲਈ ਹੈ। ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਸ਼ਾਰਤ ਰਾਜਾ ਨੇ ਇਹ ਮਤਾ ਸਦਨ ਵਿਚ ਰੱਖਿਆ। ਉਨ੍ਹਾਂ ਸੰਵਿਧਾਨ ਦੀ ਧਾਰਾ ਛੇ ਤਹਿਤ ਸ਼ਾਹਬਾਜ਼ ਖ਼ਿਲਾਫ਼ ਮੁਕੱਦਮੇ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸੱਤਾ ’ਤੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਕਾਬਜ਼ ਹੈ। ਇਸ ਦੀ ਭਾਈਵਾਲ ਧਿਰ ਪੀਐਮਐਲਕਿਊ ਹੈ। ਮਤੇ ਮੁਤਾਬਕ ਵਰਤਮਾਨ ਪ੍ਰਧਾਨ ਮੰਤਰੀ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਦੀ ਲੰਡਨ ਜਾ ਕੇ ਸਲਾਹ ਲਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਸੰਵੇਦਨਸ਼ੀਲ ਮੁੱਦਿਆਂ ’ਤੇ ਚੁੱਕੀ ਆਪਣੀ ਸਹੁੰ ਤੋੜੀ ਹੈ ਬਲਕਿ ਫ਼ੌਜ ਦਾ ਵੀ ਅਪਮਾਨ ਕੀਤਾ ਹੈ। ਦੱਸਣਯੋਗ ਹੈ ਕਿ ਸ਼ਾਹਬਾਜ਼ ਮਹਾਰਾਣੀ ਐਲਿਜ਼ਾਬੈੱਥ ਦੇ ਸਸਕਾਰ ਮੌਕੇ ਲੰਡਨ ਗਏ ਸਨ। ਉੱਥੇ ਉਨ੍ਹਾਂ ਨਵਾਜ਼ ਨਾਲ ਵੀ ਮੁਲਾਕਾਤ ਕੀਤੀ। ਨਵਾਜ਼ ਨਵੰਬਰ, 2019 ਤੋਂ ਲੰਡਨ ਵਿਚ ਰਹਿ ਰਹੇ ਹਨ। ਲਾਹੌਰ ਹਾਈ ਕੋਰਟ ਨੇ ਉਸ ਵੇਲੇ ਮੈਡੀਕਲ ਅਧਾਰ ’ਤੇ ਨਵਾਜ਼ ਨੂੰ 8 ਹਫ਼ਤਿਆਂ ਦੀ ਜ਼ਮਾਨਤ ਦਿੱਤੀ ਸੀ। ਲੰਡਨ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਕੇਸ ਵਿਚ ਸੱਤ ਸਾਲ ਦੀ ਸਜ਼ਾ ਹੋ ਚੁੱਕੀ ਸੀ ਤੇ ਉਹ ਕੋਟ ਲਖਪਤ ਜੇਲ੍ਹ ਵਿਚ ਸਨ। ਪਾਕਿਸਤਾਨੀ ਫ਼ੌਜ ਦੇ ਵਰਤਮਾਨ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਇਸ ਸਾਲ ਨਵੰਬਰ ਵਿਚ ਸੇਵਾਮੁਕਤ ਹੋਣਗੇ। ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ (ਐਨ) ਨੇ ਕਿਹਾ ਹੈ ਕਿ ਨਵਾਂ ਸੈਨਾ ਮੁਖੀ ਨਿਯੁਕਤ ਕਰਨ ਲਈ ਉਹ ਆਪਣੀਆਂ ਭਾਈਵਾਲ ਧਿਰਾਂ ਤੇ ਫ਼ੌਜੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰੇਗੀ। -ਪੀਟੀਆਈ