ਸਿਓਲ, 26 ਸਤੰਬਰ
ਦੱਖਣੀ ਕੋਰੀਆ ਦੇ ਇਕ ਸ਼ਾਪਿੰਗ ਮਾਲ ਵਿਚ ਅੱਗ ਲੱਗਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਅੱਗ ਡੇਅਜਨ ਸ਼ਹਿਰ ਦੇ ਮਾਲ ਦੀ ਬੇਸਮੈਂਟ ਵਿਚ ਲੱਗੀ। ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਤੇ ਰਾਹਤ ਕਰਮੀ ਬਚਾਅ ਕਾਰਜ ਕਰ ਰਹੇ ਹਨ। ਪ੍ਰਸ਼ਾਸਨ ਮੁਤਾਬਕ ਕੁਝ ਲੋਕ ਹਾਲੇ ਵੀ ਇਮਾਰਤ ਦੇ ਅੰਦਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਮਾਰਤ ਦੇ ਅੰਦਰ ਹਾਲੇ ਵੀ ਧੂੰਆਂ ਹੈ। ਅੱਗ ਸਵੇਰੇ ਕਰੀਬ 7.45 ’ਤੇ ਲੱਗੀ ਤੇ 110 ਵਿਅਕਤੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਇਨ੍ਹਾਂ ਵਿਚ ਮਾਲ ਦੇ ਕਰਮਚਾਰੀ ਤੇ ਗਾਹਕ ਸ਼ਾਮਲ ਸਨ ਜੋ ਕਿ ਇਕ ਨੇੜਲੇ ਹੋਟਲ ਵਿਚ ਠਹਿਰੇ ਹੋਏ ਸਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਸਵੇਰ ਵੇਲੇ ਲੱਗਣ ਕਾਰਨ ਜ਼ਿਆਦਾ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਂਕਿ ਉਸ ਵੇਲੇ ਅੰਦਰ ਘੱਟ ਲੋਕ ਹੀ ਮੌਜੂਦ ਸਨ। -ਏਪੀ