ਬੈਲਗ੍ਰੇਡ (ਸਰਬੀਆ), 14 ਜੁਲਾਈ
ਸਰਬੀਆ ਵਿੱਚ ਅਧਿਕਾਰੀਆਂ ਨੇ ਹੰਗਰੀ ਦੀ ਸਰਹੱਦ ਨੇੜਿਓਂ 85 ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਜ਼ਿਕਰਯੋਗ ਹੈ ਕਿ ਇੱਥੇ ਮਹੀਨੇ ਦੇ ਸ਼ੁਰੂ ਵਿੱਚ ਤਸਕਰਾਂ ਦੇ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਟਾਸਕ ਫੋਰਸ ਨੇ ਸੁਬੋਟਿਕਾ ਦੇ ਉੱਤਰੀ ਸ਼ਹਿਰ ਵਿੱਚੋਂ ਤਲਾਸ਼ੀ ਮੁਹਿੰਮ ਦੌਰਾਨ ਆਟੋਮੈਟਿਕ ਹਥਿਆਰ, ਬੰਦੂਕਾਂ, ਚਾਕੂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਬਿਆਨ ਅਨੁਸਾਰ ਦੋ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਅਤੇ ਛੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦ ਕਿ ਬਾਕੀਆਂ ’ਤੇ ਘੱਟ ਗੰਭੀਰ ਅਪਰਾਧਾਂ ਦਾ ਸ਼ੱਕ ਹੈ। ਗ੍ਰਹਿ ਮੰਤਰੀ ਅਲੈਗਜ਼ੈਂਡਰ ਵੁਲਿਨ ਨੇ ਕਿਹਾ, ‘‘ਸਰਬੀਆ ਅਪਰਾਧੀਆਂ ਨੂੰ ਜਨ-ਜੀਵਨ ਖ਼ਤਰੇ ਵਿੱਚ ਪਾਉਣ ਦੀ ਕਦੇ ਇਜਾਜ਼ਤ ਨਹੀਂ ਦੇਵੇਗਾ।’’
ਪੁਲੀਸ ਨੇ ਇਹ ਛਾਪਾ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਸਰਹੱਦੀ ਇਲਾਕੇ ਵਿੱਚ ਪਰਵਾਸੀਆਂ ਦੇ ਦੋ ਧੜਿਆਂ ਵਿੱਚ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਕਈ ਦੇ ਜ਼ਖ਼ਮੀ ਹੋਣ ਮਗਰੋਂ ਮਾਰਿਆ ਸੀ। ਪਰਵਾਸੀ ਸਰਬੀਆ ਤੋਂ ਪੱਛਮ ਦੇਸ਼ਾਂ ਵੱਲ ਜਾਣ ਲਈ ਹੰਗਰੀ ਸਰਹੱਦ ਨੇੜੇ ਇਕੱਠੇ ਹੋਏ ਸਨ। ਪੁਲੀਸ ਵੱਲੋਂ ਘਟਨਾ ਸਥਾਨ ਤੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਪਰਵਾਸੀ ਮੁਲਜ਼ਮ ਗੋਡਿਆਂ ਭਾਰ ਬੈਠੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਆਪਣੇ ਹੱਥ ਸਿਰ ’ਤੇ ਰੱਖੇ ਹੋਏ ਹਨ। -ਏਪੀ