ਲੰਡਨ, 10 ਜੂਨ
ਯੂਕੇ ਅਤੇ ਭਾਰਤੀ ਵਿਗਿਆਨੀਆਂ ਨੇ ਮਿਲਕੇ ਘੱਟ ਕੀਮਤ ਦਾ ਇੱਕ ਸੈਂਸਰ ਵਿਕਸਿਤ ਕੀਤਾ ਹੈ, ਜੋ ਕੋਵਿਡ- 19 ਲਈ ਜ਼ਿੰਮੇਵਾਰ ਵਾਇਰਸ ਦੇ ਅੰਸ਼ਾਂ ਦਾ ਪਤਾ ਖਰਾਬ ਪਾਣੀ ’ਚ ਲਾ ਸਕਦਾ ਹੈ। ਇਸ ਨਾਲ ਸਿਹਤ ਅਧਿਕਾਰੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਮਿਲ ਸਕੇਗੀ ਕਿ ਇਹ ਮਹਾਮਾਰੀ ਇੱਕ ਵੱਡੇ ਖੇਤਰ ਵਿੱਚ ਕਿਸ ਹੱਦ ਤੱਕ ਫੈਲੀ ਹੋਈ ਹੈ। ਇਹ ਤਕਨੀਕ ਯੂਨੀਵਰਸਿਟੀ ਆਫ਼ ਸਟਰੈਥਕਲਾਈਡ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਬਾਂਬੇ ਦੇ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀ ਗਈ ਹੈ, ਜਿਸਦੀ ਵਰਤੋਂ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਿੱਚ ਵੱਡੇ ਪੱਧਰ ’ਤੇ ਫੈਲੇ ਕੋਵਿਡ- 19 ਦੀ ਜਾਂਚ ਲਈ ਕੀਤੀ ਜਾ ਸਕੇਗੀ, ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਟੈਸਟਿੰਗ ਕਰਨ ’ਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ‘ਸੈਂਸਰਜ਼ ਐਂਡ ਐਕਚੂਏਟਰਜ਼ ਬੀ: ਕੈਮੀਕਲ’ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਮੁਤਾਬਕ ਇਸ ਸੈਂਸਰ ਦੀ ਵਰਤੋਂ ਪੋਰਟੇਬਲ ਉਪਕਰਨ ਨਾਲ ਕੀਤੀ ਜਾ ਸਕਦੀ ਹੈ। ਇਸ ਵਿੱਚ ਸਾਰਸ-ਕੋਵ-2 ਵਾਇਰਸ ਦਾ ਪਤਾ ਲਾਉਣ ਲਈ ਨਿਰਧਾਰਤ ਪੀਸੀਆਰ ਟੈਸਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਸਮਾਂਬੱਧ ਗੁਣਵੱਤਾਪੂਰਨ ਪੀਸੀਆਰ ਟੈਸਟਿੰਗ ਲਈ ਮਹਿੰਗੇ ਕੈਮੀਕਲਾਂ ਤੇ ਲੈਬ ਦੀ ਲੋੜ ਨਹੀਂ ਪੈਂਦੀ। -ਪੀਟੀਆਈ