ਸਮਰਕੰਦ, 16 ਸਤੰਬਰ
ਉਜ਼ਬੇਕਿਸਤਾਨ ਦੇ ਇਤਿਹਾਸਕ ਸ਼ਹਿਰ ਸਮਰਕੰਦ ’ਚ ਸ਼ੰਘਾਈ ਕੋਆਪ੍ਰੇਸ਼ਨ ਸਿਖਰ ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਿਚਕਾਰ ਮੀਟਿੰਗ ਹੋਈ। ਮੀਟਿੰਗ ’ਚ ਸ਼ੀ ਨੇ ਸ਼ਾਹਬਾਜ਼ ਨੂੰ ਪਾਕਿਸਤਾਨ ’ਚ ਚੀਨੀ ਪਾਕਿਸਤਾਨੀ ਆਰਥਿਕ ਲਾਂਘੇ (ਸੀਪੀਈਸੀ) ’ਚ ਕੰਮ ਕਰਦੇ ਸੈਂਕੜੇ ਚੀਨੀ ਵਰਕਰਾਂ ਨੂੰ ਪੁਖ਼ਤਾ ਸੁਰੱਖਿਆ ਦੇਣ ਲਈ ਕਿਹਾ ਹੈ। ਸ਼ੀ ਨੇ ਚੀਨੀ ਵਰਕਰਾਂ ’ਤੇ ਪਿਛਲੇ ਕੁਝ ਸਮੇਂ ਦੌਰਾਨ ਹੋਏ ਅਤਿਵਾਦੀ ਹਮਲਿਆਂ ’ਤੇ ਚਿੰਤਾ ਵੀ ਜਤਾਈ। ਸ਼ਰੀਫ਼ ਨੇ ਭਰੋਸਾ ਦਿੱਤਾ ਕਿ ਚੀਨੀ ਨਾਗਰਿਕਾਂ ਨੂੰ ਸੁਰੱਖਿਆ ਦੇਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਚੀਨ ਵੱਲੋਂ ਪਾਕਿਸਤਾਨ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਚੀਨੀ ਏਜੰਸੀਆਂ ਨੂੰ ਆਪਣੇ ਵਰਕਰਾਂ ਦੀ ਸੁਰੱਖਿਆ ਦੇਣ ਦੀ ਇਜਾਜ਼ਤ ਦੇਵੇ ਪਰ ਪਾਕਿਸਤਾਨ ਨੂੰ ਡਰ ਹੈ ਕਿ ਇਸ ਨਾਲ ਚੀਨੀ ਫ਼ੌਜ ਉਨ੍ਹਾਂ ਦੇ ਮੁਲਕ ’ਚ ਡੇਰੇ ਲਾ ਲਵੇਗੀ। ਚੀਨ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਕਰਜ਼ੇ ਦੇ ਕੇ ਹੋਰ ਦਬਾਅ ਰਿਹਾ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੀਪੀਈਸੀ ਪ੍ਰਾਜੈਕਟਾਂ ’ਚ ਦੇਰੀ ਤੋਂ ਵੀ ਚੀਨ ਖ਼ਫਾ ਹੈ। ਸਿਨਹੂਆ ਖ਼ਬਰ ਏਜੰਸੀ ਮੁਤਾਬਕ ਮੀਟਿੰਗ ਦੌਰਾਨ ਦੋਵੇਂ ਮੁਲਕਾਂ ਨੇ ਰੇਲਵੇ, ਈ-ਕਾਮਰਸ ਅਤੇ ਹੋਰ ਖੇਤਰਾਂ ’ਚ ਸਹਿਯੋਗ ਦੇ ਦਸਤਾਵੇਜ਼ਾਂ ’ਤੇ ਦਸਤਖ਼ਤ ਵੀ ਕੀਤੇ। ਉਂਜ ਸਮਝੌਤਿਆਂ ਦੇ ਵੇਰਵਿਆਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਚੀਨ ਅਤੇ ਪਾਕਿਸਤਾਨ ਵਿਚਕਾਰ ਨੇੜਲੇ ਸਬੰਧਾਂ ਨੂੰ ਉਜਾਗਰ ਕਰਦਿਆਂ ਸ਼ੀ ਨੇ ਕਿਹਾ ਕਿ ਦੋਵੇਂ ਮੁਲਕ ਹਰ ਔਖੀ ਘੜੀ ’ਚ ਇਕ-ਦੂਜੇ ਨਾਲ ਖੜ੍ਹੇ ਰਹੇ ਹਨ। ਸ਼ੀ ਨੇ ਪਾਕਿਸਤਾਨ ਵੱਲੋਂ ਮੁਹਿੰਮਾਂ ਨੂੰ ਹਮਾਇਤ ਦੇਣ ਦੀ ਸ਼ਲਾਘਾ ਕੀਤੀ। -ਪੀਟੀਆਈ
ਹੜ੍ਹਾਂ ਮਗਰੋਂ ਸਮੁੰਦਰ ਵਰਗਾ ਲੱਗ ਰਿਹੈ ਪਾਕਿਸਤਾਨ: ਸ਼ਾਹਬਾਜ਼
ਸਮਰਕੰਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਜ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ’ਚ ਆਏ ਹੜ੍ਹ ਤੋਂ ਬਾਅਦ ਪਾਕਿਸਤਾਨ ਸਮੁੰਦਰ ਵਾਂਗ ਦਿਖਾਈ ਦੇ ਰਿਹਾ ਹੈ। ਉਨ੍ਹਾਂ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰਨ ਦਾ ਸੱਦਾ ਦਿੱਤਾ। ਸ਼ਰੀਫ ਉਜ਼ਬੇਕ ਦੇ ਸਮਰਕੰਦ ਵਿੱਚ ਐੱਸਸੀਓ ਦੇ ਰਾਜ ਮੁਖੀਆਂ ਦੀ ਕੌਂਸਲ (ਸੀਐੱਚਐੱਸ) ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਜਲਵਾਯੂ ਤਬਦੀਲੀ ਕਾਰਨ ਆਏ ਹੜ੍ਹਾਂ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ 1,500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 3.3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। 14 ਜੂਨ ਤੋਂ ਆਏ ਹੜ੍ਹਾਂ ਕਾਰਨ ਪਾਕਿਸਤਾਨ ਦਾ ਤੀਜਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। ਇਸ ਮੌਕੇ ਸ਼ਰੀਫ ਨੇ ਕਿਹਾ, ‘‘ਪਾਕਿਸਤਾਨ ਵਿੱਚ ਆਏ ਹੜ੍ਹ ਯਕੀਨੀ ਤੌਰ ’ਤੇ ਜਲਵਾਯੂ ਪਰਿਵਰਤਨ ਦਾ ਨਤੀਜਾ ਹਨ। ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਪੈਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਇੰਨਾ ਪਾਣੀ ਆ ਗਿਆ ਕਿ ਪਾਕਿਸਤਾਨ ਸਮੁੰਦਰ ਵਾਂਗ ਨਜ਼ਰ ਆ ਰਿਹਾ ਹੈ।’’ -ਪੀਟੀਆਈ