ਬਰਲਿਨ, 10 ਜਨਵਰੀ
ਵਾਸ਼ਿੰਗਟਨ ਵਿੱਚ ਪਿਛਲੇ ਹਫ਼ਤੇ ਯੂਐੱਸ ਕੈਪੀਟਲ (ਸੰਸਦ) ਵਿੱਚ ਦੰਗਾਕਾਰੀਆਂ ਦੇ ਵੜਨ ਤੋਂ ਬਾਅਦ ਜਰਮਨੀ ਦੇ ਬੁੰਦੇਸਟੈਗ (ਸੰਸਦ ਦੇ ਹੇਠਲੇ ਸਦਨ) ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਬੁੰਦੇਸਟੈਗ ਦੇ ਪ੍ਰਧਾਨ ਵੌਲਫਗੈਂਗ ਸ਼ੌਬਲ ਨੇ ਸੰਸਦ ਮੈਂਬਰਾਂ ਨੂੰ ਦਿੱਤੀ। ਇੱਥੋਂ ਦੇ ਹਫ਼ਤਾਵਾਰੀ ਪ੍ਰਕਾਸ਼ਨ ਬਿਲਡ ਐਮ ਸੌਨਟੈਗ ਦੀ ਖ਼ਬਰ ਅਨੁਸਾਰ, ‘‘ਬਰਲਿਨ ਪੁਲੀਸ ਵੱਲੋਂ ਸੰਸਦ ਦੀ ਇਮਾਰਤ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।’’ ਖ਼ਬਰ ਅਨੁਸਾਰ ਇਹ ਜਾਣਕਾਰੀ ਬੁੰਦੇਸਟੈਗ ਦੇ ਪ੍ਰਧਾਨ ਸ਼ੌਬਲ ਨੇ ਸੰਸਦ ਮੈਂਬਰਾਂ ਨੂੰ ਲਿਖੇ ਇਕ ਪੱਤਰ ਰਾਹੀਂ ਦਿੱਤੀ ਹੈ। ਬੁੰਦੇਸਟੈਗ ਦੀ ਇਕ ਮਹਿਲਾ ਤਰਜਮਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ੌਬਲ ਨੇ ਮੌਜੂਦਾ ਹਾਲਾਤ ਬਾਰੇ ਸੰਸਦ ਮੈਂਬਰਾਂ ਨੂੰ ਇਕ ਪੱਤਰ ਲਿਖਿਆ ਸੀ ਪਰ ਉਨ੍ਹਾਂ ਪੱਤਰ ’ਚ ਕੀ ਲਿਖਿਆ ਹੈ, ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। -ਰਾਇਟਰਜ਼