ਲਾਹੌਰ: ਭਾਰਤ ਲਈ ਸਭ ਤੋਂ ਵੱਧ ਲੋੜੀਂਦੇ ਅਤਿਵਾਦੀਆਂ ਵਿੱਚੋਂ ਇੱਕ ਅਤੇ 2008 ਵਿੱਚ ਹੋਏ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਸਾਜਿਦ ਮੀਰ ਨੂੰ ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਅਤਿਵਾਦ ਲਈ ਫੰਡਿੰਗ ਦੇ ਇਕ ਮਾਮਲੇ ਵਿੱਚ ਸਾਢੇ ਪੰਦਰਾਂ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਾਜਿਦ ਮੀਰ ਨੂੰ ਪਹਿਲਾਂ ਪਾਕਿਸਤਾਨ ਵੱਲੋਂ ਮ੍ਰਿਤਕ ਐਲਾਨਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਵੇਲੇ ਦੇਸ਼ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਗ੍ਰੇਅ ਸੂਚੀ ’ਚੋਂ ਬਾਹਰ ਨਿਕਲਣ ਲਈ ਜੱਦੋਜਹਿਦ ਕਰ ਰਿਹਾ ਹੈ। ਪੰਜਾਬ ਪੁਲੀਸ ਦਾ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਜੋ ਅਕਸਰ ਮੀਡੀਆ ਨੂੰ ਅਜਿਹੇ ਮਾਮਲਿਆਂ ਵਿੱਚ ਮੁਲਜ਼ਮਾਂ ਦੇ ਦੋਸ਼ੀ ਸਾਬਿਤ ਹੋਣ ਬਾਰੇ ਜਾਣਕਾਰੀ ਦਿੰਦਾ ਹੈ, ਨੇ ਸਾਜਿਦ ਮੀਰ ’ਤੇ ਦੋਸ਼ ਸਾਬਿਤ ਹੋਣ ਬਾਰੇ ਜਾਣਕਾਰੀ ਨਹੀਂ ਦਿੱਤੀ। ਅਸਲ ਵਿੱਚ ਕਾਲੇ ਧਨ ਨੂੰ ਸਫੈਦ ਕਰਨ ਅਤੇ ਅਤਿਵਾਦ ਲਈ ਫੰਡਿੰਗ ਖ਼ਿਲਾਫ਼ ਇਸਲਾਮਾਬਾਦ ਵੱਲੋਂ ਉਠਾਏ ਗਏ ਕਦਮਾਂ ਤੇ ਇਸ ਸਬੰਧ ਵਿੱਚ ਸੁਧਾਰਾਂ ਦੇ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਅਤਿਵਾਦ ਲਈ ਫੰਡਿੰਗ ਦੀ ਨਿਗਰਾਨੀ ਕਰਨ ਵਾਲੀ ਪੈਰਿਸ ਆਧਾਰਤ ਆਲਮੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਅਧਿਕਾਰੀ ਜਲਦੀ ਹੀ ਪਾਕਿਸਤਾਨ ਦਾ ਦੌਰਾ ਕਰਨਗੇੇ। ਉਨ੍ਹਾਂ ਵੱਲੋਂ ਦਿੱਤੀ ਗਈ ਸਾਕਾਰਾਤਮਕ ਰਿਪੋਰਟ ਪਾਕਿਸਤਾਨ ਨੂੰ ਐੱਫਏਟੀਐੱਫ ਦੀ ਗ੍ਰੇਅ ਸੂਚੀ ਵਿੱਚੋਂ ਨਿਕਲਣ ’ਚ ਮਦਦ ਕਰ ਸਕਦੀ ਹੈ। ਲਸ਼ਕਰ-ਏ-ਤਇਬਾ ਅਤੇ ਜਮਾਤ-ਉਦ-ਦਾਅਵਾ ਦੇ ਆਗੂਆਂ ਦੇ ਅਤਿਵਾਦ ਲਈ ਫੰਡਿੰਗ ਸਬੰਧੀ ਮਾਮਲਿਆਂ ਨਾਲ ਜੁੜੇ ਇਕ ਸੀਨੀਅਰ ਵਕੀਲ ਨੇ ਬੀਤੇ ਦਿਨ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲਾਹੌਰ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਅਤਿਵਾਦ ਲਈ ਫੰਡਿੰਗ ਕਰਨ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤਇਬਾ ਦੇ ਇਕ ਕਾਰਕੁਨ ਸਾਜਿਦ ਮਜੀਦ ਮੀਰ ਨੂੰ ਸਾਢੇ ਪੰਦਰਾਂ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ।’’ ਉਨ੍ਹਾਂ ਕਿਹਾ ਕਿ ਅਦਾਲਤ ਨੇ ਸਾਜਿਦ ਮੀਰ ’ਤੇ ਚਾਰ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਲਗਾਇਆ ਹੈ। -ਪੀਟੀਆਈ