ਮਾਸਕੋ, 22 ਫਰਵਰੀ
ਨਾਟੋ ਮੁਖੀ ਨੇ ਕਿਹਾ ਹੈ ਕਿ ਰੂਸ ਪੂਰੀ ਤਿਆਰੀ ਨਾਲ ਯੂਕਰੇਨ ਉਤੇ ਹਮਲਾ ਕਰ ਸਕਦਾ ਹੈ। ਖਬਰ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੂਸ ਦੇ ਸੌ ਦੇ ਕਰੀਬ ਟਰੱਕ ਯੂਕਰੇਨ ਵੱਲ ਜਾਂਦੇ ਦੇਖੇ ਗਏ ਹਨ। ਇਸ ਤੋਂ ਪਹਿਲਾਂ ਰੂਸ ਦੀ ਉਪਰਲੀ ਸੰਸਦ ਨੇ ਪੂਤਿਨ ਨੂੰ ਰੂਸ ਤੋਂ ਬਾਹਰ ਫੌਜ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਰੂਸ ਨੇ ਯੂਕਰੇਨ ਵਿੱਚ ਖਤਰਾ ਦੱਸਦਿਆਂ ਆਪਣੇ ਰਾਜਦੂਤ ਤੇ ਹੋਰ ਸਟਾਫ ਨੂੰ ਜਲਦੀ ਬਾਹਰ ਕੱਢਣ ਲਈ ਕਿਹਾ ਹੈ। ਰੂਸ-ਯੂਕਰੇਨ ਵਿਵਾਦ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਭਾਰਤੀ ਸਮੇਂ ਅਨੁਸਾਰ ਸਾਢੇ ਗਿਆਰਾਂ ਵਜੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਾ ਸੀ ਪਰ ਹੁਣ ਖਬਰ ਆਈ ਹੈ ਕਿ ਉਹ ਹਾਲਾਤ ਦੇਖਣ ਤੋਂ ਬਾਅਦ ਜਲਦੀ ਹੀ ਸੰਬੋਧਨ ਕਰਨਗੇ।ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਰੂਸ ’ਤੇ ਪਾਬੰਦੀਆਂ ਲਾ ਸਕਦਾ ਹੈ ਪਰ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਇਹ ਪਾਬੰਦੀਆਂ ਕਿਹੋ ਜਿਹੀਆਂ ਹੋਣਗੀਆਂ। ਦੱਸਣਯੋਗ ਹੈ ਕਿ ਡੈਮੋਕਰੇਟਿਕ ਤੇ ਰਿਪਬਲਿਕਨ ਦੋਵੇਂ ਪਾਰਟੀਆਂ ਦੇ ਸੰਸਦ ਰੂਸ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਸ ਤੋਂ ਪਹਿਲਾਂ ਰੂਸੀ ਫੌਜ ਪੂਰਬੀ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ ਤੇ ਡੋਨੇਸਟਕ ਵਿੱਚ ਦਾਖਲ ਹੋ ਗਈ ਸੀ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਵੱਡੇ ਤੜਕੇ ਦੋਵਾਂ ਸੂਬਿਆਂ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ। ਇਸ ਤੋਂ ਬਾਅਦ ਰੂਸੀ ਫੌਜੀਆਂ ਦੇ ਟੈਂਕਾਂ ਨੇ ਇਨ੍ਹਾਂ ਖੇਤਰਾਂ ਵੱਲ ਚਾਲੇ ਪਾ ਦਿੱਤੇ। ਪੂਤਿਨ ਨੇ ਕਿਹਾ ਕਿ ਲੁਹਾਂਸਕ ਤੇ ਡੋਨੇਸਟਕ ਤੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਸ਼ਾਂਤੀ ਬਹਾਲੀ ਲਈ ਅਜਿਹਾ ਕਰਨਾ ਜ਼ਰੂਰੀ ਸੀ। ਇਸ ਤੋਂ ਪਹਿਲਾਂ ਪੂਤਿਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਤਣਾਅ ਘੱਟ ਕਰਨ ਲਈ ਸ਼ਾਂਤੀ ਯੋਜਨਾ ਬਹਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਸ ਦੌਰਾਨ ਬਰਤਾਨੀਆ ਨੇ ਯੂਕਰੇਨ ਵਿਚ ਰੂਸ ਦੀ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਅਮਰੀਕਾ ਨੇ ਰੂਸ ਦੀ ਹਰਕਤ ਨੂੰ ਕੌਮਾਂਤਰੀ ਕਾਨੂੰਨਾਂ ਖ਼ਿਲਾਫ ਦੱਸਦਿਆਂ ਕਿਹਾ ਕਿ ਹੁਣ ਜੰਗ ਦਾ ਖਤਰਾ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ ਬਰਤਾਨੀਆ ਨੇ ਸਪਸ਼ਟ ਕੀਤਾ ਹੈ ਕਿ ਰੂਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਕੁਝ ਦੇਰ ਬਾਅਦ ਹੀ ਬਰਤਾਨੀਆ ਨੇ ਰੂਸ ਦੇ ਪੰਜ ਬੈਂਕਾਂ ’ਤੇ ਪਾਬੰਦੀ ਲਾ ਦਿੱਤੀ।