ਮਾਸਕੋ, 3 ਮਾਰਚ
ਰੂਸ ਦੇ ਪ੍ਰਮੁੱਖ ਮੀਡੀਆ ਅਦਾਰਿਆਂ ’ਚੋਂ ਇਕ ਅਤੇ ਲਬਿਰਲ ਰੇਡੀਓ ਸਟੇਸ਼ਨ ‘ਈਖੋ ਮੋਸਕਵੀ’ ਨੂੰ ਮਾਸਕੋ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਦੀ ਨੁਕਤਾਚੀਨੀ ਭਰੀ ਕਵਰੇਜ ਲਈ ਬੰਦ ਕਰ ਦਿੱਤਾ ਗਿਆ ਹੈ। ਰੇਡੀਓ ਸਟੇਸ਼ਨ ਦੇ ਮੁੱਖ ਸੰਪਾਦਕ ਤੇ ਰੂਸ ਦੇ ਸਿਰਕੱਢ ਪੱਤਰਕਾਰਾਂ ’ਚ ਸ਼ੁਮਾਰ ਅਲੈਕਸੀ ਵੈਨੇਡਿਕਟੋਵ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ‘ਉੱਚ ਅਹੁਦਿਆਂ ਉੱਤੇ ਬੈਠੇ ਲੋਕਾਂ’ ਨੇ ਉਸ ਨੂੰ ਇਸ਼ਾਰਾ ਕੀਤਾ ਸੀ ਕਿ ਉਪਰੋਕਤ ਫ਼ੈਸਲਾ ਵਿਚਾਰਧੀਨ ਹੈ। ਵੈਨੇਡਿਕਟੋਵ ਨੇ ਕਿਹਾ, ‘‘ਬੋਰਡ ਡਾਇਰੈਕਟਰਾਂ ਨੇ ਬਹੁਗਿਣਤੀ ਨਾਲ ਈਖੋ ਮੋਸਕਵੀ ਰੇਡੀਓ ਚੈਨਲ ਤੇ ਵੈੱਬਸਾਈਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।’’ ਇਸ ਤੋਂ ਪਹਿਲਾਂ ਰੂਸ ਦੇ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਨੇ ਰੂਸ ਦੇ ਯੂਕਰੇਨ ’ਤੇ ਹਮਲੇ ਨੂੰ ਲੈ ਕੇ ਕੀਤੀ ਆਲੋਚਨਾਤਮਕ ਕਵਰੇਜ ਲਈ ਈਖੋ ਮੋਸਕਵੀ ਰੇਡੀਓ ਸਟੇਸ਼ਨ ਤੇ ਡੋਜ਼ਡ (ਜਾਂ ਰੇਨ) ਟੀਵੀ ਚੈਨਲ (ਜਿਸ ਨੂੰ ਰੂਸ ਵਿੱਚ ਵਿਦੇਸ਼ੀ ਏਜੰਟ ਮੀਡੀਆ ਆਊਟਲੈੱਟ ਵਜੋਂ ਨਾਮਜ਼ਦ ਕੀਤਾ ਹੋਇਆ ਹੈ) ’ਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਸੀ। ਕਾਬਿਲੇਗੌਰ ਹੈ ਕਿ ਰੂਸ ਦੇ ਮੀਡੀਆ ਅਦਾਰਿਆਂ ਨੂੰ ਸਿਰਫ਼ ਸਰਕਾਰੀ ਸੂਤਰਾਂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਹੀ ਪ੍ਰਕਾਸ਼ਿਤ ਕੀਤੇ ਜਾਣ ਦੀਆਂ ਹਦਾਇਤਾਂ ਹਨ। ਇਸ ਦੌਰਾਨ ਰੂਸੀ ਕਾਨੂੰਨਘਾੜੇ ਰੂਸੀ ਹਥਿਆਰਬੰਦ ਬਲਾਂ ਬਾਰੇ ‘ਫ਼ਰਜ਼ੀ ਖ਼ਬਰਾਂ’ ਪ੍ਰਕਾਸ਼ਿਤ ਕਰਨ ਦੀ ਸੂਰਤ ’ਚ 15 ਸਾਲ ਦੀ ਸਜ਼ਾ ਦੀ ਵਿਵਸਥਾ ਵਾਲੇ ਇਕ ਬਿੱਲ ’ਤੇ ਸ਼ੁੱਕਰਵਾਰ ਨੂੰ ਵਿਚਾਰ ਕਰ ਸਕਦੇ ਹਨ। -ਪੀਟੀਆਈ