ਪੇਈਚਿੰਗ, 5 ਜੁਲਾਈ
ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਮਗਰੋਂ ਪੱਛਮੀ ਦੇਸ਼ਾਂ ਵੱਲੋਂ ਉਸ ’ਤੇ ਲਾਈਆਂ ਗਈਆਂ ਪਾਬੰਦੀਆਂ ਤੇ ਦੇਸ਼ ਦੇ ਕੂਟਨੀਤਕ ਸਬੰਧ ਖ਼ਰਾਬ ਹੋਣ ਕਰਕੇ ਨਵੇਂ ਭਾਈਵਾਲਾਂ ਦੀ ਭਾਲ ਲਈ ਏਸ਼ੀਆ ਦੇ ਦੌਰੇ ’ਤੇ ਨਿਕਲੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਮੰਗੋਲੀਆ ’ਚ ਹਮਰੁਤਬਾ ਬੱਤਸੇਤਸੇਗ ਬਤਮੁੱਖ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰਾਸ਼ਟਰਪਤੀ ਉਖਨਾਗਿਨ ਖੁਰੇਲਸੁਖ ਨਾਲ ਵੀ ਗੱਲਬਾਤ ਕੀਤੀ। ਮੰਗੋਲੀਆ ਤੇ ਰੂਸ ਦੇ ਮੀਡੀਆ ਨੇ ਯੂਕਰੇਨ ਜੰਗ ਬਾਰੇ ਕਿਸੇ ਖਾਸ ਚਰਚਾ ਦਾ ਕੋਈ ਵੇਰਵਾ ਨਹੀਂ ਸਾਂਝਾ ਕੀਤਾ। ਮੰਗੋਲੀਆ ਦੀ ਖ਼ਬਰ ਏਜੰਸੀ ਮੋਨਸੇਮ ਅਨੁਸਾਰ ਲਾਵਰੋਵ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਮੰਗੋਲੀਆ ਨੂੰ ਸਾਰੇ ਪਹਿਲੂਆਂ ’ਤੇ ਸਹਿਯੋਗ ਦੇਣ ਲਈ ਤਿਆਰ ਹਨ। -ਪੀਟੀਆਈ