ਲਵੀਵ, 4 ਮਈ
ਰੂਸੀ ਫ਼ੌਜ ਨੇ ਅੱਜ ਪੂਰੇ ਯੂਕਰੇਨ ਵਿਚ ਹਮਲੇ ਕੀਤੇ ਹਨ। ਉਨ੍ਹਾਂ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਕੀਤੀ ਜਾ ਰਹੀ ਹਥਿਆਰਾਂ ਦੀ ਸਪਲਾਈ ਨੂੰ ਵੀ ਨਿਸ਼ਾਨਾ ਬਣਾਇਆ ਹੈ। ਜੰਗ ਦਾ ਕੇਂਦਰ ਹੁਣ ਯੂਕਰੇਨ ਦਾ ਪੂਰਬੀ ਖੇਤਰ ਬਣਿਆ ਹੋਇਆ ਹੈ।
ਇਸੇ ਦੌਰਾਨ ਯੂਰੋਪੀਅਨ ਯੂਨੀਅਨ ਨੇ ਮਾਸਕੋ ਉਤੇ ਹੋਰ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੈ। ਯੂਰੋਪੀਅਨ ਯੂਨੀਅਨ ਨੇ ਰੂਸ ਤੋਂ ਤੇਲ ਦਰਾਮਦ ਨਾ ਕਰਨ ਦੀ ਤਜਵੀਜ਼ ਰੱਖੀ ਹੈ। ਰੂਸੀ ਫ਼ੌਜ ਨੇ ਅੱਜ ਦੱਸਿਆ ਕਿ ਯੂਕਰੇਨ ਵਿਚ ਪੰਜ ਰੇਲਵੇ ਸਟੇਸ਼ਨਾਂ ਦੀ ਬਿਜਲੀ ਸਪਲਾਈ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਜਦਕਿ ਆਰਟਿਲਰੀ ਤੇ ਲੜਾਕੂ ਜਹਾਜ਼ਾਂ ਨੇ ਯੂਕਰੇਨੀ ਫ਼ੌਜ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਹੈ।
ਰੂਸ ਨੇ ਯੂਕਰੇਨ ਦੇ ਅਸਲ ਡਿਪੂਆਂ ਨੂੰ ਤਬਾਹ ਕਰਨ ਦਾ ਦਾਅਵਾ ਵੀ ਕੀਤਾ ਹੈ। ਕਈ ਦਿਨਾਂ ਤੱਕ ਟਕਰਾਅ ਦਾ ਕੇਂਦਰ ਬਣੇ ਰਹੇ ਮਾਰੀਓਪੋਲ ਦੇ ਸਟੀਲ ਪਲਾਂਟ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਪੂਰਬੀ ਡੋਨਬਾਸ ਖੇਤਰ ਵਿਚ 21 ਨਾਗਰਿਕਾਂ ਦੀ ਹਮਲਿਆਂ ਵਿਚ ਮੌਤ ਹੋ ਗਈ ਹੈ। ਰੂਸ ਦੇ ਕੁਝ ਹਮਲੇ ਲਵੀਵ ਦੁਆਲੇ ਕੇਂਦਰਿਤ ਹਨ ਜੋ ਕਿ ਪੋਲੈਂਡ ਦੇ ਬਾਰਡਰ ਨਾਲ ਲੱਗਦਾ ਹੈ।
‘ਨਾਟੋ’ ਇੱਥੋਂ ਹੀ ਯੂਕਰੇਨ ਨੂੰ ਜ਼ਿਆਦਾਤਰ ਅਸਲਾ ਸਪਲਾਈ ਕਰ ਰਿਹਾ ਹੈ। ਸ਼ਹਿਰ ਵਿਚ ਕਈ ਧਮਾਕੇ ਸੁਣੇ ਗਏ ਹਨ। ਰੂਸ ਵੱਲੋਂ ਰੇਲਵੇ ਸਟੇਸ਼ਨਾਂ ਦੀ ਬਿਜਲੀ ਸਪਲਾਈ ਤੋੜਨ ਦਾ ਮੰਤਵ ਯੂਕਰੇਨ ਨੂੰ ਪੱਛਮ ਤੋਂ ਹੋ ਰਹੀ ਹੈ ਹਥਿਆਰਾਂ ਦੀ ਸਪਲਾਈ ਰੋਕਣਾ ਹੈ। ਇਸੇ ਦੌਰਾਨ ਡੋਨਬਾਸ ਵਿਚ ਪੈਂਦੇ ਦੋਨੇਤਸਕ ਵਿਚ 21 ਜਣੇ ਹਮਲਿਆਂ ’ਚ ਮਾਰੇ ਗਏ ਹਨ। ਰੂਸ ਪੱਖੀ ਵੱਖਵਾਦੀਆਂ ਦੀ ਵੱਡੀ ਗਿਣਤੀ ਵਾਲੇ ਡੋਨਬਾਸ ਵਿਚ ਯੂਕਰੇਨੀ ਫ਼ੌਜ ਰੂਸ ਨੂੰ ਤਕੜੀ ਟੱਕਰ ਦੇ ਰਹੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਮਾਸਕੋ ਨਾਲ ਅਜਿਹਾ ਕੋਈ ਗੋਲੀਬੰਦੀ ਸਮਝੌਤਾ ਪ੍ਰਵਾਨ ਨਹੀਂ ਕਰੇਗਾ, ਜਿਸ ਵਿਚ ਰੂਸੀ ਫ਼ੌਜਾਂ ਨੂੰ ਕਬਜ਼ੇ ਵਾਲੇ ਖੇਤਰਾਂ ਵਿਚ ਟਿਕੇ ਰਹਿਣ ਦੀ ਇਜਾਜ਼ਤ ਮਿਲਦੀ ਹੋਵੇ। -ਏਪੀ
ਯੂਕੇ ਨੇ ਰੂਸ ’ਤੇ ਹੋਰ ਪਾਬੰਦੀਆਂ ਲਾਈਆਂ
ਯੂਕੇ ਸਰਕਾਰ ਨੇ ਰੂਸ ਵਿਚ ਆਪਣੀਆਂ ਫਰਮਾਂ ਦੀਆਂ ਸੇਵਾਵਾਂ ਉਤੇ ਪਾਬੰਦੀ ਲਾ ਦਿੱਤੀ ਹੈ। ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਦੱਸਿਆ ਕਿ ਰੂਸੀ ਕਾਰੋਬਾਰ ਹੁਣ ਯੂਕੇ ਦੀਆਂ ਅਕਾਊਂਟੈਂਸੀ, ਮੈਨੇਜਮੈਂਟ, ਪੀਆਰ ਫਰਮਾਂ ਦੀਆਂ ਸੇਵਾਵਾਂ ਨਹੀਂ ਲੈ ਸਕਣਗੇ। ਇਸੇ ਦੌਰਾਨ ਯੂਰੋਪੀਅਨ ਯੂਨੀਅਨ ਦੇ ਇਕ ਚੋਟੀ ਦੇ ਆਗੂ ਨੇ 27 ਮੁਲਕਾਂ ਦੇ ਬਲਾਕ ਨੂੰ ਸੱਦਾ ਦਿੱਤਾ ਹੈ ਕਿ ਰੂਸ ਤੋਂ ਤੇਲ ਮੰਗਵਾਉਣਾ ਬੰਦ ਕੀਤਾ ਜਾਵੇ। ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਨ ਨੇ ਨਾਲ ਹੀ ਤਜਵੀਜ਼ ਰੱਖੀ ਹੈ ਕਿ ਰੂਸ ਦੀਆਂ ਬੈਂਕਾਂ ਨੂੰ ‘ਸਵਿਫਟ’ ਕੌਮਾਂਤਰੀ ਬੈਂਕਿੰਗ ਅਦਾਇਗੀ ਢਾਂਚੇ ਵਿਚੋਂ ਬਾਹਰ ਕੀਤਾ ਜਾਵੇ। -ਏਪੀ
ਜ਼ੇਲੈਂਸਕੀ ਦੇ ਹਸਤਾਖ਼ਰਾਂ ਵਾਲੀ ਬੇਸਬਾਲ ਹੋਵੇਗੀ ਨਿਲਾਮ
ਕੀਵ: ਸਾਲ 2019 ਵਿੱਚ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਕ ਅਮਰੀਕੀ ਕੁਲੈਕਟਰ ਲਈ ਇਕ ਬੇਸਬਾਲ ’ਤੇ ਹਸਤਾਖਰ ਕੀਤੇ ਸਨ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਇਕ ਦਿਨ ਇਹ ਬੇਸਬਾਲ ਜ਼ਰੂਰਤ ਸਮੇਂ ਦੇਸ਼ ਦੀ ਮਦਦ ਲਈ ਇਸਤੇਮਾਲ ਹੋਵੇਗੀ। ਗੇਂਦਾਂ ਇਕੱਠੀਆਂ ਕਰਨ ਲਈ ਮਸ਼ਹੂਰ ਕੁਲੈਕਟਰ ਰੈਂਡੀ ਕਪਲਾਨ ਵੱਲੋਂ ਵੇਚੀ ਜਾ ਰਹੀ ਰਾਅਲਿੰਗਜ਼ ਮੇਜਰ ਲੀਗ ਦੀ ਇਸ ਬੇਸਬਾਲ ’ਤੇ ਵਿਸ਼ਵ ਦੇ ਆਗੂਆਂ ਨੇ ਹਸਤਾਖਰ ਕੀਤੇ ਹੋਏ ਹਨ। ਬੋਸਟਨ ਦੀ ਆਰ.ਆਰ. ਨਿਲਾਮੀ ਦੇ ਨਿਲਾਮੀਕਰਤਾ ਨੇ ਕਿਹਾ ਕਿ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਨੂੰ ਰਾਹਤ ਦੇਣ ਦੇ ਉਪਰਾਲਿਆਂ ਤਹਿਤ ਉਕਤ ਬੇਸਬਾਲ ਨਿਲਾਮ ਕੀਤੀ ਜਾ ਰਹੀ ਹੈ। ਆਰ.ਆਰ. ਦੇ ਤਰਜਮਾਨ ਨੇ ਕਿਹਾ ਕਿ ਇਹ ਬੇਸਬਾਲ ਘੱਟੋ-ਘੱਟ 15,000 ਅਮਰੀਕੀ ਡਾਲਰ ਵਿੱਚ ਵਿਕਣ ਦੀ ਆਸ ਸੀ ਤੇ ਮੰਗਲਵਾਰ ਨੂੰ ਲੱਗੀ ਸਭ ਤੋਂ ਵੱਡੀ ਬੋਲੀ ਪਹਿਲਾਂ ਹੀ ਇਸ ਰਾਸ਼ੀ ਤੋਂ ਉੱਪਰ ਜਾ ਚੁੱਕੀ ਹੈ। ਕਪਲਾਨ ਨੇ ਟੈਲੀਫੋਨ ’ਤੇ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ਇਸ ਵੇਲੇ ਦੁਨੀਆ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਅਨੁਸਾਰ ਅਜਿਹੀ ਨਿਲਾਮੀ ਹੋਣ ਲਈ ਇਹ ਢੁੱਕਵਾਂ ਸਮਾਂ ਹੈ। ਇਸ ਨਾਲ ਯੂਕਰੇਨ ਦੇ ਲੋਕਾਂ ਨੂੰ ਮਦਦ ਮਿਲੇਗੀ।’’ ਵਿਕਰੀ ਦੀ ਇਹ ਰਾਸ਼ੀ ਵਿਸ਼ਵ ਪੱਧਰੀ ਗੈਰ-ਮੁਨਾਫ਼ੇ ਵਾਲੀ ਸੰਸਥਾ ਅਮੇਰੀਕੇਅਰਜ਼ ਰਾਹੀਂ ਦਾਨ ਵਿੱਚ ਦਿੱਤੀ ਜਾਵੇਗੀ। ਆਰ.ਆਰ. ਨਿਲਾਮੀ ਵੱਲੋਂ ਖਰੀਦਦਾਰ ਤੇ ਵੇਚਣ ਵਾਲੇ ਕੋਲੋਂ ਲਈ ਗਈ ਕਮਿਸ਼ਨ ਵੀ ਜੰਗ ਪ੍ਰਭਾਵਿਤਾਂ ਨੂੰ ਰਾਹਤ ਦੇਣ ਦੇ ਉਪਰਾਲਿਆਂ ਲਈ ਦਿੱਤੀ ਜਾਵੇਗੀ। -ਏਪੀ