ਲਿਵਰਪੂਲ, 12 ਦਸੰਬਰ
ਸੱਤ ਆਰਥਿਕ ਮਹਾਸ਼ਕਤੀਆਂ ਦੇ ਸਮੂਹ (ਜੀ-7) ਨੇ ਰੂਸ ਨੂੰ ਯੁਕਰੇਨ ਦੀ ਸਰਹੱਦ ਨੇੜਿਉਂ ਆਪਣੇ ਸੈਨਿਕਾਂ ਦੇ ਇਕੱਠ ਨੂੰ ਘਟਾਉਣ ਲਈ ਕਿਹਾ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੁਕਰੇਨ ਉੱਤੇ ਹਮਲਾ ਕੀਤਾ ਗਿਆ ਤਾਂ ਇਸ ਦੇ ਵਿਆਪਕ ਨਤੀਜੇ ਹੋਣਗੇ ਤੇ ਰੂਸ ਨੂੰ ਗੰਭੀਰ ਆਰਥਿਕ ਪੀੜ ਸਹਿਣੀ ਪਵੇਗੀ। ਬ੍ਰਿਟੇਨ ਦੇ ਸ਼ਹਿਰ ਲਿਵਰਪੂਲ ਵਿੱਚ ਚੱਲ ਰਹੇ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੌਰਾਨ ਯੁਕਰੇਨ ਸਰਹੱਦ ਕੋਲ ਰੂਸੀ ਸੈਨਾ ਦਾ ਇਕੱਠ ਚਰਚਾ ਦਾ ਵਿਸ਼ਾ ਰਿਹਾ। ਅਮਰੀਕਾ ਤੇ ਉਸ ਦੇ ਨਾਟੋ ਤੇ ਜੀ-7 ਸਹਿਯੋਗੀਆਂ ਨੇ ਕਿਹਾ ਕਿ ਜੇਕਰ ਯੁਕਰੇਨ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਰੂਸ ਉੱਤੇ ਵੱਡੀਆਂ ਆਰਥਿਕ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ ਹਾਲਾਂਕਿ ਰੂਸ ਨੇ ਯੁਕਰੇਨ ਉੱਤੇ ਹਮਲਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ। ਜੀ-7 ਦੇਸ਼ਾਂ ਦੇ ਸਮੂਹ ਵਿੱਚ ਬ੍ਰਿਟੇਨ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਤੇ ਜਾਪਾਨ ਸ਼ਾਮਲ ਹਨ। -ਪੀਟੀਆਈ