ਮਾਸਕੋ: ਰੂਸ ਦੀ ਜੇਲ੍ਹ ’ਚ ਬੰਦ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਦੀ ਸਹਿਯੋਗੀ ਲਯੂਬੋਵ ਸੋਬੋਲ ਨੂੰ ਘੁਸਪੈਠ ਦੇ ਦੋਸ਼ ਹੇਠ ਇਕ ਸਾਲ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ। ਸੋਬੋਲ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਸੁਰੱਖਿਆ ਅਧਿਕਾਰੀ ਦੇ ਰਿਸ਼ਤੇਦਾਰ ਦੇ ਅਪਾਰਟਮੈਂਟ ’ਚ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਸੋਬੋਲ ਨੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਉੱਚ ਅਦਾਲਤ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਨਵਾਲਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦਾ ਕੇਸ ਨਹੀਂ ਚਲਾਇਆ ਗਿਆ ਅਤੇ ਛੋਟੀ ਜਿਹੀ ਗੱਲ ਨੂੰ ਲੈ ਕੇ ਉਨ੍ਹਾਂ ਦੇ ਹਮਾਇਤੀਆਂ ਨੂੰ ਅਦਾਲਤਾਂ ’ਚ ਘੜੀਸਿਆ ਜਾ ਰਿਹਾ ਹੈ। ਸੋਬੋਲ ’ਤੇ ਇਸ ਸਮੇਂ ਇਕ ਹੋਰ ਮੁਕੱਦਮਾ ਵੀ ਚੱਲ ਰਿਹਾ ਹੈ। -ਏਪੀ