ਮਾਸਕੋ, 21 ਫਰਵਰੀ
ਰੂਸ ਤੇ ਯੂਕਰੇਨ ਦਰਮਿਆਨ ਜੰਗ ਛਿੜਨ ਦੇ ਆਸਾਰ ਵਧਦੇ ਜਾ ਰਹੇ ਹਨ। ਰੂਸ ਵਲੋਂ ਯੂਕਰੇਨ ਖ਼ਿਲਾਫ਼ ਜੰਗ ਛੇੜੀ ਜਾਵੇਗੀ ਕਿ ਨਹੀਂ, ਇਸ ਬਾਰੇ ਫੈਸਲਾ ਅੱਜ ਦੇਰ ਰਾਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲੈਣਗੇ। ਉਨ੍ਹਾਂ ਕਰੈਮਲਿਨ ਸਕਿਉਰਿਟੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ ਜਿਸ ਵਿਚ ਪੂਰਬੀ ਯੂਕਰੇਨ ਵਿਚ ਵਿਦਰੋੋਹੀਆਂ ਦੇ ਕਬਜ਼ੇ ਵਾਲੇ ਲੁਹਾਂਸਕ ਤੇ ਡੋਨੇਸਟਕ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ ਪਰ ਪੂਤਿਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਤਣਾਅ ਘੱਟ ਕਰਨ ਲਈ ਸ਼ਾਂਤੀ ਯੋਜਨਾ ਬਹਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਰਾਸ਼ਟਰਪਤੀ ਪੂਤਿਨ ਰੂਸ ਵਾਸੀਆਂ ਨੂੰ ਸੰਬੋਧਨ ਕਰਨਗੇ।
ਇਸ ਤੋਂ ਪਹਿਲਾਂ ਰੂਸ ਨੇ ਅੱਜ ਦਾਅਵਾ ਕੀਤਾ ਸੀ ਕਿ ਉਸ ਦੀ ਸਰਹੱਦ ਵਿਚ ਦਾਖਲ ਹੋ ਕੇ ਨੁਕਸਾਨ ਪਹੁੰਚਾਉਣ ਵਾਲੇ ਯੂਕਰੇਨ ਦੇ ਪੰਜ ਫੌਜੀਆਂ ਨੂੰ ਮਾਰ ਦਿੱਤਾ ਗਿਆ ਹੈ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ-ਯੂਕਰੇਨ ਸਰਹੱਦ ’ਤੇ ਗੋਲੀਬਾਰੀ ਵਿਚ ਯੂਕਰੇਨੀ ਨਾਗਰਿਕ ਦੀ ਮੌਤ ਹੋ ਗਈ।