ਇਰਪਿਨ (ਯੂਕਰੇਨ), 28 ਅਪਰੈਲ
ਪੂਰਬੀ ਯੂਕਰੇਨ ’ਚ ਰੂਸੀ ਹਮਲੇ ਉਸ ਸਮੇਂ ਹੋਰ ਤੇਜ਼ ਹੋ ਗਏ ਜਦੋਂ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕੀਵ ਦੇ ਬਾਹਰ ਸਥਿਤ ਕਸਬਿਆਂ ਦਾ ਦੌਰਾ ਕਰਕੇ ਹੋਈ ਤਬਾਹੀ ਦਾ ਜਾਇਜ਼ਾ ਲਿਆ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਬੁਚਾ ਵਰਗੇ ਸ਼ਹਿਰਾਂ ਦੇ ਦੌਰੇ ਸਮੇਂ ਉੱਥੇ ਕੀਤੇ ਗਏ ਜ਼ੁਲਮਾਂ ਦੀ ਨਿੰਦਾ ਕੀਤੀ ਜਿੱਥੇ ਰੂਸੀ ਫੌਜਾਂ ਦੇ ਵਾਪਸ ਜਾਣ ’ਤੇ ਲੋਕਾਂ ਦੇ ਕਤਲੇਆਮ ਦੇ ਸਬੂਤ ਮਿਲੇ ਸਨ। ਯੂਕਰੇਨ ਵੱਲੋਂ ਉਮੀਦ ਤੋਂ ਵੱਧ ਸਖਤ ਵਿਰੋਧ ਕਰਨ ’ਤੇ ਰੂਸੀ ਸੈਨਾ ਨੂੰ ਵਾਪਸ ਜਾਣਾ ਪਿਆ ਸੀ। ਰਾਜਧਾਨੀ ਕੀਵ ’ਤੇ ਕਬਜ਼ਾ ਕਰਨ ’ਚ ਨਾਕਾਮ ਰਹਿਣ ’ਤੇ ਰੂਸ ਨੂੰ ਆਪਣੀਆਂ ਫੌਜਾਂ ਮੁੜ ਜਥੇਬੰਦ ਕਰਨੀਆਂ ਪਈਆਂ। ਇਸ ਤੋਂ ਬਾਅਦ ਰੂਸ ਨੇ ਆਪਣਾ ਧਿਆਨ ਪੂਰਬੀ ਯੂਕਰੇਨ ਦੇ ਸਨਅਤੀ ਕੇਂਦਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤੇ ਜਿੱਥੇ ਜੰਗ ਅਜੇ ਵੀ ਜਾਰੀ ਹੈ। ਯੂਕਰੇਨ ਦੀ ਸੈਨਾ ਨੇ ਕਿਹਾ ਕਿ ਡੋਨਬਾਸ ਦੇ ਕਈ ਇਲਾਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਜੰਗ ਜਾਰੀ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਮਾਰੀਓਪੋਲ ’ਚ ਬੰਬਾਰੀ ਨਾਲ ਨਵੇਂ ਨੁਕਸਾਨ ਹੋਏ ਹਨ। ਯੂਕਰੇਨ ਪ੍ਰਸ਼ਾਸਨ ਨੇ ਕਿਹਾ ਕਿ ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ’ਚ ਹੁਣ ਵੀ ਰਹਿ ਰਹੇ ਉਸ ਦੇ ਨਾਗਰਿਕਾਂ ਨੂੰ ਭਿਆਨਕ ਹਾਲਾਤ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੋ ਮਹੀਨੇ ਦੀ ਘੇਰਾਬੰਦੀ ਕਾਰਨ ਬਹੁਤੇ ਮ੍ਰਿਤਕਾਂ ਨੂੰ ਦਫ਼ਨਾਇਆ ਨਹੀਂ ਜਾ ਸਕਿਆ ਹੈ।
ਇਸੇ ਦੌਰਾਨ ਇਰਪਿਨ ’ਚ ਬੰਬਾਰੀ ਮਗਰੋਂ ਪਹੁੰਚੇ ਗੁਟੇਰੇਜ਼ ਨੇ ਕਿਹਾ ਕਿ ਜਿੱਥੇ ਵੀ ਜੰਗ ਹੁੰਦੀ ਹੈ, ਸਭ ਤੋਂ ਵੱਧ ਕੀਮਤ ਆਮ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ। ਬੁਚਾ ’ਚ ਗੁਟੇਰੇਜ਼ ਨੇ ਕਿਹਾ, ‘ਜਦੋਂ ਅਸੀਂ ਜੰਗੀ ਅਪਰਾਧ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਭ ਤੋਂ ਖਰਾਬ ਅਪਰਾਧ ਖੁਦ ਜੰਗ ਹੈ।’ ਫਿਲਹਾਲ ਖਾਰਕੀਵ ਤੇ ਦੋਨੇਤਸਕ ’ਚ ਭਿਆਨਕ ਜੰਗ ਜਾਰੀ ਹੈ। -ਏਪੀ
ਸੰਯੁਕਤ ਰਾਸ਼ਟਰ ਵੱਲੋਂ ਜੰਗੀ ਅਪਰਾਧ ਦੇ ਦੋਸ਼ਾਂ ਦੀ ਜਾਂਚ ਦੀ ਹਮਾਇਤ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਅੱਜ ਜ਼ੋਰ ਦਿੱਤਾ ਕਿ 21ਵੀਂ ਸਦੀ ’ਚ ਜੰਗ ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨਾਲ ਹੀ ਜੰਗੀ ਅਪਰਾਧਾਂ ਦੇ ਦੋਸ਼ਾਂ ਦੀ ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਤੋਂ ਗੰਭੀਰ ਜਾਂਚ ਕਰਵਾਉਣ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਦੀ ਹਮਾਇਤ ਕੀਤੀ। ਸੰਯੁਕਤ ਰਾਸ਼ਟਰ ਦੇ ਰੂਸ ਨੂੰ ਆਲਮੀ ਸੰਸਥਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। -ਏਪੀ
ਯੂਕਰੇਨ ਲਈ ਹੋਰ ਮਦਦ ਚਾਹੁੰਦੇ ਹਨ ਬਾਇਡਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਦੀ ਮਦਦ ਲਈ ਕਾਂਗਰਸ ਤੋਂ ਵਧੇਰੇ 33 ਅਰਬ ਡਾਲਰ ਮਨਜ਼ੂਰ ਕਰਨ ਲਈ ਕਹਿਣਗੇ। ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਇਡਨ ਦੀ ਨਵੀਂ ਤਜਵੀਜ਼ ਪੰਜ ਮਹੀਨੇ ਲਈ ਹੋਣ ਦੀ ਉਮੀਦ ਹੈ ਜਿਸ ’ਚ 20 ਅਰਬ ਡਾਲਰ ਤੋਂ ਵੱਧ ਰਾਸ਼ੀ ਯੂਕਰੇਨ ਦੀ ਫੌਜੀ ਮਦਦ ਤੇ ਗੁਆਂਢੀ ਮੁਲਕਾਂ ਦੇ ਰੱਖਿਆ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਜਦਕਿ 8.5 ਅਰਬ ਡਾਲਰ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਸਰਕਾਰ ਦੇ ਕੰਮ ਕਰਨ ਲਈ ਤੇ 3 ਅਰਬ ਡਾਲਰ ਆਮ ਲੋਕਾਂ ਦੀ ਮਦਦ ਲਈ ਹੋਣਗੇ। -ਏਪੀ