ਕੀਵ, 27 ਅਪਰੈਲ
ਰੂਸ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ਰਾਤ ਭਰ ਉਸ ’ਤੇ ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ ਰੂਸ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਦੱਖਣੀ ਕ੍ਰਾਸਨੋਡਾਰ ਖੇਤਰ ਵਿੱਚ 60 ਤੋਂ ਵੱਧ ਯੂਕਰੇਨੀ ਡਰੋਨ ਰੋਕੇ ਹਨ।
ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਰਾਤ ਭਰ ਯੂਕਰੇਨ ’ਤੇ 34 ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ’ਚੋਂ 21 ਮਿਜ਼ਾਈਲਾਂ ਯੂਕਰੇਨ ਦੇ ਹਵਾਈ ਰੱਖਿਆ ਪ੍ਰਬੰਧ ਨੇ ਤਬਾਹ ਕਰ ਦਿੱਤੀਆਂ ਹਨ। ਯੂਕਰੇਨ ਨੇ ਊਰਜਾ ਮੰਤਰੀ ਹਰਮਨ ਹਾਲੁਸ਼ਚੈਂਕੋ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਦੇਸ਼ ਦੇ ਦੱਖਣ ’ਚ ਨਿਪਰੋਪੈਤਰੋਵਸਕ ਅਤੇ ਪੱਛਮ ’ਚ ਇਵਾਨੋ-ਫਰੈਂਕਵਿਸਕ ਤੇ ਲਵੀਵ ’ਚ ਊਰਜਾਂ ਸਰੋਤਾਂ ’ਤੇ ਹਮਲਾ ਕੀਤਾ ਗਿਆ ਹੈ ਅਤੇ ਇਸ ਹਮਲੇ ’ਚ ਇੱਕ ਇੰਜਨੀਅਰ ਜ਼ਖ਼ਮੀ ਹੋ ਗਿਆ ਹੈ। ਨਿੱਜੀ ਊਰਜਾ ਅਪਰੇਟਰ ਡੀਟੀਈਕੇ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਉਸ ਦੇ ਚਾਰ ਥਰਮਲ ਪਾਵਰ ਪਲਾਂਟ ਨੁਕਸਾਨੇ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰੂਸ ਨੇ ਵੱਡੇ ਪੱਧਰ ’ਤੇ ਮਿਜ਼ਾਈਲ ਤੇ ਡਰੋਨ ਹਮਲੇ ’ਚ ਯੂਕਰੇਨ ਦੇ ਸਭ ਤੋਂ ਵੱਡੇ ਊਰਜਾ ਪਲਾਟਾਂ ’ਚੋਂ ਇੱਕ ਨੂੰ ਤਬਾਹ ਕਰ ਦਿੱਤਾ ਅਤੇ ਹੋਰਨਾਂ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਉਸ ਨੇ ਯੂਕਰੇਨ ਦੀਆਂ ਊਰਜਾ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਮੁੜ ਸ਼ੁਰੂ ਕਰ ਦਿੱਤੀਆਂ ਸਨ। ਯੂਕਰੇਨ ਨੇ ਆਪਣੇ ਪੱਛਮੀ ਸਹਿਯੋਗੀਆਂ ਨੂੰ ਅਜਿਹੀ ਹਮਲਿਆਂ ਤੋਂ ਬਚਾਣ ਲਈ ਵੱਧ ਹਵਾਈ ਰੱਖਿਆ ਪ੍ਰਣਾਲੀਆਂ ਮੁਹੱਈਆ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਦੇਸ਼ ਦੇ ਦੱਖਣੀ ਕ੍ਰਾਸਨੋਡਾਰ ਖੇਤਰ ’ਚ 66 ਡਰੋਨਾਂ ਰੋਕੀਆਂ ਗਈਆਂ ਹਨ। ਮਾਸਕੋ ਨਾਲ ਜੁੜੇ ਕ੍ਰੀਮੀਆ ਪ੍ਰਾਇਦੀਪ ’ਚ ਦੋ ਹੋਰ ਡਰੋਨ ਹੇਠਾਂ ਸੁੱਟੇ ਗਏ ਹਨ। ਕ੍ਰਾਸਨੋਡਾਰ ਖੇਤਰ ਦੇ ਗਵਰਨਰ ਵੇਨੀਆਮਿਨ ਕੌਂਦ੍ਰਾਤਯੇਵ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਇੱਕ ਤੇਲ ਰਿਫਾਇਨਰੀ ਤੇ ਬੁਨਿਆਈ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। -ਏਪੀ