ਪੋਕਰੋਸਕ, 17 ਜੁਲਾਈ
ਰੂਸ ਨੇ ਅੱਜ ਦੱਖਣੀ ਯੂਕਰੇਨ ਵਿਚ ਕਈ ਉਦਯੋਗਿਕ ਥਾਵਾਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ। ਮਾਸਕੋ ਯੂਕਰੇਨ ਦੇ ਪੂਰਬ ਵਿਚ ਪੂਰੇ ਜ਼ੋਰ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਇਕੋਲਾਈਵ ਦੇ ਮੇਅਰ ਨੇ ਦੱਸਿਆ ਕਿ ਰੂਸੀ ਮਿਜ਼ਾਈਲਾਂ ਨੇ ਸ਼ਹਿਰ ਵਿਚ ਕਈ ਉਦਯੋਗਿਕ ਥਾਵਾਂ ਨੂੰ ਤਬਾਹ ਕਰ ਦਿੱਤਾ। ਇੱਥੇ ਇਕ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੇ ਕੇਂਦਰ ਉਤੇ ਵੀ ਬੰਬਾਰੀ ਕੀਤੀ ਗਈ। ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਇਸ ਸ਼ਹਿਰ ਉਤੇ ਰੂਸ ਪਿਛਲੇ ਕਈ ਦਿਨਾਂ ਤੋਂ ਹਮਲੇ ਕਰ ਰਿਹਾ ਹੈ। ਰੂਸੀ ਫ਼ੌਜ ਯੂਕਰੇਨ ਦੇ ਕਾਲੇ ਸਾਗਰ ਦੇ ਸਾਰੇ ਤੱਟ ਨੂੰ ਰੋਮਾਨੀਆ ਦੀ ਸਰਹੱਦ ਨਾਲੋਂ ਕੱਟਣਾ ਚਾਹੁੰਦੀ ਹੈ। ਜੇ ਉਹ ਇਸ ਵਿਚ ਸਫ਼ਲ ਹੋ ਜਾਂਦੇ ਹਨ ਤਾਂ ਯੂਕਰੇਨ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੇਗੀ। ਇਸ ਤਰ੍ਹਾਂ ਮਾਸਕੋ ਮੋਲਡੋਵਾ ਦੇ ਵੱਖਵਾਦੀ ਖੇਤਰ ਤੱਕ ਜ਼ਮੀਨੀ ਸੰਪਰਕ ਬਣਾ ਲਏਗਾ। ਇੱਥੇ ਰੂਸ ਦਾ ਸੈਨਿਕ ਬੇਸ ਹੈ। ਇਸ ਤੋਂ ਪਹਿਲਾਂ ਯੂਕਰੇਨ ਨੇ ਰੂਸ ਨੂੰ ਇਸ ਖੇਤਰ ਵਿਚ ਤਕੜੀ ਟੱਕਰ ਦਿੱਤੀ ਹੈ ਤੇ ਸ਼ਹਿਰ ਉਤੇ ਕਬਜ਼ਾ ਕਰਨ ਤੋਂ ਰੋਕਿਆ ਹੈ। ਮਾਇਕੋਲਾਈਵ ਸ਼ਹਿਰ ਰੂਸ ਦੇ ਕਬਜ਼ੇ ਵਾਲੇ ਕਰੀਮੀਆ ਤੇ ਯੂਕਰੇਨੀ ਬੰਦਰਗਾਹ ਓਡੇਸਾ ਵਿਚਾਲੇ ਪੈਂਦੇ ਕਾਲੇ ਸਾਗਰ ਤੱਟ ਦੇ ਬਿਲਕੁਲ ਨਾਲ ਲੱਗਦਾ ਹੈ। ਯੂਕਰੇਨ ਵੱਲੋਂ ਮਿਲੀ ਟੱਕਰ ਤੋਂ ਬਾਅਦ ਰੂਸੀ ਬਲਾਂ ਨੇ ਉੱਥੇ ਆਪਣੀ ਮੁਹਿੰਮ ਰੋਕ ਦਿੱਤੀ ਸੀ ਪਰ ਹੁਣ ਮੁੜ ਹਮਲੇ ਤੇਜ਼ ਕਰ ਦਿੱਤੇ ਹਨ। -ਏਪੀ