ਮਾਸਕੋ, 23 ਜੂਨ
ਗਲਵਾਨ ਵਾਦੀ ਵਿੱਚ ਹਿੰਸਕ ਝੜਪਾਂ ਮਗਰੋਂ ਭਾਰਤ ਅਤੇ ਚੀਨ ਵਿਚਾਲੇ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਸ਼ਾਂਤ ਕਰਨ ਦੇ ਮਾਮਲੇ ਵਿੱਚ ਰੂਸ ਨੇ ਵਿਚੋਲਗੀ ਦੀ ਸੰਭਾਵਨਾ ਰੱਦ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਨੂੰ ਆਪਸੀ ਵਿਵਾਦ ਹੱਲ ਕਰਨ ਲਈ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਲੋੜ ਨਹੀਂ ਹੈ।
ਰੂਸ ਦੇ ਵਿਦੇਸ਼ ਮੰਤਰੀ ਸਰਗੀ ਲਾਵਰੋਵ ਦਾ ਇਹ ਬਿਆਨ ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਵਰਚੁਅਲ ਕਾਨਫਰੰਸ ਮਗਰੋਂ ਆਇਆ ਹੈ। ਇਸ ਕਾਨਫੰਰਸ ਵਿੱਚ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਹਾਜ਼ਰ ਸਨ। ਲਾਵਰੋਵ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਚੀਨ ਨੂੰ ਆਪਣੇ ਵਿਵਾਦ ਹੱਲ ਕਰਨ ਲਈ ਕਿਸੇ ਤਰ੍ਹਾਂ ਦੀ ਮੱਦਦ, ਜਾਂ ਸਹਿਯੋਗ ਦੀ ਲੋੜ ਹੈ। ਸਰਹੱਦ ’ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਬੈਠਕਾਂ ਹੋਈਆਂ ਅਤੇ ਜ਼ਮੀਨ ’ਤੇ ਫੌਜੀ ਕਮਾਂਡ ਅਤੇ ਵਿਦੇਸ਼ ਮੰਤਰੀਆਂ ਵਿਚਾਲੇ ਸੰਪਰਕ ਸਾਧਿਆ ਗਿਆ। ਮੇਰੀ ਸਮਝ ਮੁਤਾਬਕ, ਇਹ ਸੰਪਰਕ ਜਾਰੀ ਹਨ ਅਤੇ ਦੋਵਾਂ ਧਿਰਾਂ ’ਚੋਂ ਕਿਸੇ ਨੇ ਵੀ ਸਹਿਮਤੀ ਬਣਾਊਣ ਦੀਆਂ ਕੋਸ਼ਿਸ਼ਾਂ ਨਾ ਕਰਨ ਦੇ ਸੰਕੇਤ ਨਹੀਂ ਦਿੱਤੇ ਹਨ। ਕੁਦਰਤੀ ਤੌਰ ’ਤੇ ਸਾਡਾ ਮੰਨਣਾ ਹੈ ਕਿ ਇਹ ਸੰਪਰਕ ਜਾਰੀ ਰਹੇ।’’ ਭਾਰਤ ਅਤੇ ਚੀਨ ਨੇ ਸਰਹੱਦ ਦੇ ਮੁੱਦੇ ’ਤੇ ਸ਼ਾਂਤੀਪੂਰਵਕ ਹੱਲ ਲੱਭਣ ਵਿੱਚ ਕਿਸੇ ਹੋਰ ਧਿਰ ਦੀ ਭੂਮਿਕਾ ਨੂੰ ਰੱਦ ਕੀਤਾ ਹੈ। ਰੂਸ ਦੇ ਦੋਵਾਂ ਮੁਲਕਾਂ ਭਾਰਤ ਅਤੇ ਚੀਨ ਨਾਲ ਕਰੀਬੀ ਸਬੰਧ ਹਨ।
-ਪੀਟੀਆਈ