ਕੀਵ, 4 ਸਤੰਬਰ
ਰੂਸ ਨੇ ਯੂਕਰੇਨ ਦੇ ਦੱਖਣ ’ਚ ਸਥਿਤ ਬੰਦਰਗਾਹ ਸ਼ਹਿਰ ਮਾਇਕੋਲਾਈਵ ਉਤੇ ਬੰਬਾਰੀ ਕੀਤੀ ਹੈ। ਇਸ ਕਾਰਨ ਉੱਥੇ ਇਕ ਹਸਪਤਾਲ ਨੂੰ ਨੁਕਸਾਨ ਪੁੱਜਾ ਹੈ। ਸ਼ਨਿਚਰਵਾਰ ਇਸੇ ਖਿੱਤੇ ਵਿਚ ਰਾਕੇਟ ਹਮਲਿਆਂ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ ਤੇ 5 ਜਣੇ ਫੱਟੜ ਹੋ ਗਏ ਸਨ। ਹਮਲਿਆਂ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਦਾ ਵੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਮਾਇਕੋਲਾਈਵ ਕਾਲੇ ਸਾਗਰ ਦੇ ਤੱਟ ਉਤੇ ਹੈ ਤੇ ਰਣਨੀਤਕ ਤੌਰ ’ਤੇ ਅਹਿਮ ਹੈ। ਇੱਥੇ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਵੀ ਹੁੰਦਾ ਹੈ। ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਉਤੇ ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਇਕ ਰੈਸਤਰਾਂ ਨੂੰ ਅੱਗ ਲੱਗ ਗਈ। ਇਸ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ ਦੋ ਹੋਰ ਜ਼ਖ਼ਮੀ ਹੋ ਗਏ। ਰੂਸੀ ਫ਼ੌਜ ਦੋਨੇਸਕ ਖੇਤਰ ਉਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੇ ਵੀ ਹਮਲਿਆਂ ’ਚ ਚਾਰ ਲੋਕ ਮਾਰੇ ਗਏ ਹਨ। ਪਰਮਾਣੂ ਹਥਿਆਰਾਂ ’ਤੇ ਨਿਗਰਾਨੀ ਰੱਖਣ ਵਾਲੀ ਸੰਯੁਕਤ ਰਾਸ਼ਟਰ ਦੀ ਇਕਾਈ ਨੇ ਅੱਜ ਕਿਹਾ ਕਿ ਰੂਸ ਦੇ ਕਬਜ਼ੇ ਹੇਠਲੇ ਪਰਮਾਣੂ ਊਰਜਾ ਪਲਾਂਟ ਦੀ ਆਖ਼ਰੀ ਪਾਵਰ ਲਾਈਨ ਵੀ ਕੱਟੀ ਗਈ ਹੈ ਪਰ ਰਿਜ਼ਰਵ ਲਾਈਨ ਹੋਣ ਕਾਰਨ ਇਹ ਅਜੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਪਲਾਂਟ ’ਚੋਂ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਹਾਲਾਂਕਿ ਪਲਾਂਟ ਦੇ ਰਿਐਕਟਰ ਚੱਲ ਰਹੇ ਹਨ ਤੇ ਬਿਜਲੀ ਉਤਪਾਦਨ ਜਾਰੀ ਹੈ। ਯੂਕਰੇਨ ’ਚ ਯੂਰੋਪ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ ’ਤੇ ਰੂਸ ਨੇ ਮਾਰਚ ਵਿਚ ਕਬਜ਼ਾ ਕਰ ਲਿਆ ਸੀ। -ਏਪੀ