ਕੀਵ: ਯੂਕਰੇਨ ਦੇ ਜ਼ਾਪੋਰਿਜ਼ੀਆ ਸ਼ਹਿਰ ’ਚ ਆਮ ਲੋਕਾਂ ਦੇ ਕਾਫਲੇ ’ਤੇ ਰੂਸ ਵੱਲੋਂ ਕੀਤੇ ਗਏ ਹਮਲੇ ’ਚ ਘੱਟ ਤੋਂ ਘੱਟ 25 ਜਣਿਆਂ ਦੀ ਮੌਤ ਹੋ ਗਈ ਅਤੇ 28 ਜ਼ਖ਼ਮੀ ਹੋ ਗਏ। ਇਹ ਹਮਲਾ ਮਾਸਕੋ ਵੱਲੋਂ ਯੂਕਰੇਨ ਦੇ ਕੁਝ ਇਲਾਕਿਆਂ ਦੇ ਰੂਸ ’ਚ ਰਲੇਵੇਂ ਦੀ ਯੋਜਨਾ ਤੋਂ ਕੁਝ ਘੰਟੇ ਪਹਿਲਾਂ ਕੀਤਾ ਗਿਆ ਹੈ। ਜ਼ਾਪੋਰਿਜ਼ੀਆ ਦੇ ਖੇਤਰੀ ਗਵਰਨਰ ਅਲੈਕਜ਼ੈਂਡਰ ਸਟਾਰੁਖ ਨੇ ਅੱਜ ਆਨਲਾਈਨ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੂਸੀ ਸੈਨਾ ਨੇ ਰੂਸ ਦੇ ਕਬਜ਼ੇ ਵਾਲੇ ਇਲਾਕੇ ’ਚ ਆਮ ਲੋਕਾਂ ਦੇ ਇੱਕ ਕਾਫਲੇ ’ਤੇ ਹਮਲਾ ਕੀਤਾ ਹੈ ਜਿਸ ’ਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 28 ਜ਼ਖ਼ਮੀ ਹੋਏ ਹਨ। ਗਵਰਨਰ ਨੇ ਸੜਕ ’ਤੇ ਸੜੇ ਹੋਏ ਵਾਹਨਾਂ ਤੇ ਲਾਸ਼ਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਰੂਸ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮਾਸਕੋ, ਯੂਕਰੇਨ ਦੇ ਚਾਰ ਖੇਤਰਾਂ ਦੇ ਰੂਸ ’ਚ ਰਲੇਵੇਂ ਦੀ ਤਿਆਰੀ ਕਰ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੇ ਇਸ ਦੀ ਨਿੰਦਾ ਕੀਤੀ ਹੈ। ਸਟਾਰੁਖ ਨੇ ਕਿਹਾ ਕਿ ਜਿਸ ਕਾਫਲੇ ’ਤੇ ਹਮਲਾ ਕੀਤਾ ਗਿਆ ਹੈ ਉਸ ’ਚ ਸ਼ਾਮਲ ਲੋਕ ਰੂਸ ਦੇ ਕਬਜ਼ੇ ਵਾਲੇ ਖੇਤਰ ’ਚ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਬਚਾਅ ਕਰਮੀ ਹਮਲੇ ਵਾਲੀ ਥਾਂ ’ਤੇ ਪਹੁੰਚ ਗਏ ਹਨ। ਇਸੇ ਦੌਰਾਨ ਯੂਕਰੇਨ ਦੇ ਦਨੀਪਰੋ ’ਚ ਰੂਸ ਵੱਲੋਂ ਕੀਤੇ ਗਏ ਹਮਲੇ ’ਚ ਜਨਤਕ ਟਰਾਂਸਪੋਰਟ ਦਾ ਇੱਕ ਡਿੱਪੂ ਵੀ ਤਬਾਹ ਹੋ ਗਿਆ ਹੈ। -ਏਪੀ