ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸਕੱਤਰ (ਸੁਰੱਖਿਆ ਕੌਂਸਲ) ਨਿਕੋਲਈ ਪਤਰੂਸ਼ੇਵ ਨੇ ਅੱਜ ਚੀਨ ਦੇ ਦੌਰੇ ਦੌਰਾਨ ਕਿਹਾ ਕਿ ਰੂਸ ਤੇ ਚੀਨ ਦੇ ਰਿਸ਼ਤਿਆਂ ਦੀ ਮਜ਼ਬੂਤੀ ਉਨ੍ਹਾਂ ਦੀਆਂ ਨੀਤੀਆਂ ਦੀਆਂ ਸਿਖ਼ਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ। ਪਤਰੂਸ਼ੇਵ ਨੇ ਕਿਹਾ ਕਿ ਪੇਈਚਿੰਗ ਨਾਲ ਵਿਆਪਕ ਭਾਈਵਾਲੀ ਤੇ ਰਣਨੀਤਕ ਸਹਿਯੋਗ ਮਜ਼ਬੂਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਤਰੂਸ਼ੇਵ ਪੂਤਿਨ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ। ਚੀਨ ਦੀ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਰੂਸੀ ਆਗੂ ਨੇ ਕਿਹਾ ਕਿ ਮੌਜੂਦਾ ਸਥਿਤੀਆਂ ਮੰਗ ਕਰਦੀਆਂ ਹਨ ਕਿ ਦੋਵੇਂ ਮੁਲਕ ਤਾਲਮੇਲ ਬਿਹਤਰ ਕਰਨ ਲਈ ਪਹਿਲਾਂ ਨਾਲੋਂ ਵੱਧ ਤਿਆਰੀ ਰੱਖਣ ਤੇ ਸਹਿਯੋਗ ਕਰਨ। ਜ਼ਿਕਰਯੋਗ ਹੈ ਕਿ ਪੂਤਿਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪਿਛਲੇ ਹਫ਼ਤੇ ਉਜ਼ਬੇਕਿਸਤਾਨ ਵਿਚ ਮਿਲੇ ਸਨ। -ਏਪੀ