ਕੀਵ, 2 ਨਵੰਬਰ
ਰੂਸ ਦੇ ਰੱਖਿਆ ਮੰਤਰੀ ਨੇ ਤੁਰਕੀ ਦੇ ਆਪਣੇ ਹਮਰੁਤਬਾ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਤੁਰਕੀ ਅਤੇ ਸੰਯੁਕਤ ਰਾਸ਼ਟਰ ਵੱਲੋਂ ਅਨਾਜ ਸਬੰਧੀ ਪਹਿਲਾਂ ਹੋਏ ਸਮਝੌਤੇ ’ਚ ਮੁੜ ਤੋਂ ਸ਼ਾਮਲ ਹੋਣ ਲਈ ਰਾਜ਼ੀ ਹੋ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਨੇ ਕਿਹਾ ਕਿ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਤੁਰਕੀ ਦੇ ਹੁਲੁਸੀ ਅਕਾਰ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਅਨਾਜ ਲਾਂਘੇ ਸਬੰਧੀ ਸਮਝੌਤਾ ਪਹਿਲਾਂ ਵਾਂਗ ਜਾਰੀ ਰਹੇਗਾ। ਅਰਦੋਗਾਂ ਨੇ ਕਿਹਾ ਕਿ ਸਮਝੌਤੇ ਤਹਿਤ ਸੋਮਾਲੀਆ, ਜਬੂਤੀ ਅਤੇ ਸੂਡਾਨ ਸਮੇਤ ਹੋਰ ਅਫ਼ਰੀਕੀ ਮੁਲਕਾਂ ਨੂੰ ਯੂਕਰੇਨੀ ਅਨਾਜ ਦੀ ਖੇਪ ਕਾਲੇ ਸਾਗਰ ਰਾਹੀਂ ਭੇਜੀ ਜਾਵੇਗੀ। ਰੂਸ ਨੇ ਚਿੰਤਾ ਜਤਾਈ ਸੀ ਕਿ ਜ਼ਿਆਦਾਤਰ ਅਨਾਜ ਅਮੀਰ ਮੁਲਕਾਂ ’ਚ ਹੀ ਪਹੁੰਚਾਇਆ ਜਾ ਰਿਹਾ ਹੈ। ਰੂਸ ਨੇ ਕਾਲਾ ਸਾਗਰ ’ਚ ਆਪਣੇ ਜਹਾਜ਼ ’ਤੇ ਡਰੋਨ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਨਾਜ ਸਮਝੌਤੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। -ਏਪੀ