ਵਾਸ਼ਿੰਗਟਨ, 26 ਜੂਨ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਫਿਲਪਾਈਨ ਜਿਹੇ ਮੁਲਕਾਂ ਲਈ ਚੀਨ ਤੋਂ ਵਧ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਅਮਰੀਕਾ ਵੱਲੋਂ ਆਪਣੇ ਸੁਰੱਖਿਆ ਬਲਾਂ ਦੀ ਵਿਸ਼ਵ ਪੱਧਰ ’ਤੇ ਤਾਇਨਾਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਥਾਵਾਂ ’ਤੇ ਇਸ ਦੀ ਮੌਜੂਦਗੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਇਹ ਗੱਲ ‘ਵਰਚੁਅਲ ਬ੍ਰੱਸਲਜ਼ ਫੋਰਮ 2020’ ਵਿੱਚ ਇੱਕ ਸੁਆਲ ਦੇ ਜੁਆਬ ’ਚ ਆਖੀ। ਉਨ੍ਹਾਂ ਕਿਹਾ,‘ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦਾ ਮੁਕਾਬਲਾ ਕਰਨ ਲਈ ਸਾਡੀ ਤਾਇਨਾਤੀ ਸਹੀ ਥਾਵਾਂ ’ਤੇ ਹੋਵੇ। ਸਾਡਾ ਮੰਨਣਾ ਹੈ ਕਿ ਇਹ ਸਾਡੇ ਸਮੇਂ ਦੀ ਚੁਣੌਤੀ ਹੈ ਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਸਾਧਨ ਹੋਣ। ’ ਉਨ੍ਹਾਂ ਕਿਹਾ ਕਿ ਇਹ ਸਮੀਖਿਆ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ ’ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਅਮਰੀਕਾ ਜਰਮਨੀ ਵਿੱਚ ਤਾਇਨਾਤ ਆਪਣੇ ਫ਼ੌਜੀਆਂ ਦੀ ਗਿਣਤੀ 52 ਹਜ਼ਾਰ ਤੋਂ ਘਟਾ ਕੇ 25 ਹਜ਼ਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਕੂਟਨੀਤਕ ਢੰਗ ਨਾਲ ਮਹੱਤਵਪੂਰਨ ਹਿੰਦ ਪ੍ਰਸ਼ਾਂਤ ਸਾਗਰ ਵਿੱਚ ਆਪਣੇ ਫ਼ੌਜੀ ਤੇ ਆਰਥਿਕ ਪ੍ਭਾਵ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ ਜਿਸ ਨਾਲ ਵੱਖ-ਵੱਖ ਦੇਸ਼ਾਂ ਤੇ ਹੋਰਾਂ ਲਈ ਚਿੰਤਾ ਪੈਦਾ ਹੋ ਰਹੀ ਹੈ। -ਪੀਟੀਆਈ
ਸੀਸੀਪੀ ਨੂੰ ਮਨਜ਼ੂਰੀ ਦੇਣ ਦਾ ਤਰਕ ਬੇਤੁਕਾ ਕਰਾਰ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੁਤੰਤਰਤਾ ਅਤੇ ਸੱਤਾਵਾਦ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਇਸ ਤਰਕ ਨੂੰ ਖਾਰਜ ਕਰ ਦਿੱਤਾ ਕਿ ਤਣਾਅ ਨੂੰ ਸ਼ਾਂਤ ਕਰ ਲੈਣਾ ਚਾਹੀਦਾ ਹੈ ਤੇ ਤੇਜ਼ੀ ਨਾਲ ਹਮਲਾਵਰ ਰੁਖ਼ ਅਖਤਿਆਰ ਕਰਦੀ ਜਾ ਰਹੀ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। -ਪੀਟੀਆਈ
ਚੀਨ ਵੱਲੋਂ 5 ਜੀ ’ਤੇ ਅਜ਼ਾਰੇਦਾਰੀ ਕਾਇਮ ਕਰਨ ਦਾ ਮਨਸੂਬਾ ਜੱਗ-ਜ਼ਾਹਰ
ਵਾਸ਼ਿੰਗਟਨ: ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਨ ਬਾਰੇ ਅੰਡਰ ਸੈਕਰੇਟਰੀ ਕੀਥ ਕਰੈਚ ਨੇ ਕਿਹਾ ਕਿ ਚੀਨ ਵੱਲੋਂ ਕਰੋਨਾਵਾਇਰਸ ਮਹਾਮਾਰੀ ਦੌਰਾਨ ਹਾਂਗਕਾਂਗ ’ਚ ਅਸ਼ਾਂਤੀ, ਭਾਰਤ ਨਾਲ ਤਣਾਅਮਈ ਸਬੰਧ ਤੇ ਹੋਰ ਢੰਗਾਂ ਨਾਲ 5 ਜੀ ਟੈਲੀਕਮਿਊਨੀਕੇਸ਼ਨਜ਼ ’ਤੇ ਅਜ਼ਾਰੇਦਾਰੀ ਕਾਇਮ ਕਰਨ ਦਾ ਮਨਸੂਬਾ ਜੱਗ-ਜ਼ਾਹਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਵਾਈ ਦੇ ਸਮਝੌਤਿਆਂ ਅਨੁਸਾਰ ਵੱਖ-ਵੱਖ ਮੁਲਕਾਂ ਵੱਲੋਂ 5ਜੀ ਨੈੱਟਵਰਕਾਂ ਦੇ ਭਰੋਸੇਮੰਦ ਵੈਂਡਰਾਂ ਨੂੰ ਹੀ ਆਗਿਆ ਦਿੱਤੀ ਜਾ ਰਹੀ ਹੈ। -ਪੀਟੀਆਈ