ਵਾਸ਼ਿੰਗਟਨ, 27 ਅਕਤੂਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੀਵਾਲੀ ਮੌਕੇ ਕਰਵਾਏ ਗਏ ਸਮਾਗਮ ’ਚ ਕਿਹਾ ਕਿ ਧਾਰਮਿਕ ਆਜ਼ਾਦੀ ਅਮਰੀਕਾ ਦੀ ਬੁਨਿਆਦ ਹੈ ਅਤੇ ਇਸ ਦੀ ਹਮਾਇਤ ਕਰਨਾ ਮੁਲਕ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਪ੍ਰਾਥਮਿਕਤਾ ਹੈ। ਭਾਰਤੀ-ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਿੰਕਨ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਅਮਰੀਕਾ ਦੀ ਕੂਟਨੀਤੀ ਦਾ ਬੇਸ਼ਕੀਮਤੀ ਹਿੱਸਾ ਹੈ ਕਿਉਂਕਿ ਇਹ ਹਕੀਕਤ ’ਚ ਦੁਨੀਆ ਦੇ ਹੋਰ ਮੁਲਕਾਂ ਅਤੇ ਲੋਕਾਂ ਨਾਲ ਸਬੰਧ ਬਣਾਉਣ ’ਚ ਸਹਾਇਤਾ ਕਰਦਾ ਹੈ। ‘ਦੁਨੀਆ ਭਰ ’ਚ ਸੱਭਿਆਚਾਰਕ ਵਿਰਸੇ ਦੇ ਅਹਿਮ ਹਿੱਸਿਆਂ ਦੀ ਸਾਂਭ-ਸੰਭਾਲ ’ਚ ਸਹਾਇਤਾ ਦੇਣਾ ਧਾਰਮਿਕ ਵਿਭਿੰਨਤਾ ਪ੍ਰਤੀ ਹਮਾਇਤ ਦਿਖਾਉਣ ਦਾ ਢੰਗ ਹੈ। ਅਸੀਂ ਸੱਭਿਆਚਾਰ ਦੀ ਸਾਂਭ-ਸੰਭਾਲ ਲਈ ‘ਯੂਐੱਸ ਅੰਬੈਸਡਰ ਫੰਡ’ ਜਿਹੀਆਂ ਕੋਸ਼ਿਸ਼ਾਂ ਰਾਹੀਂ ਤਬਾਹ ਹੋਈਆਂ ਇਤਿਹਾਸਕ ਇਮਾਰਤਾਂ ਦੇ ਪੁਨਰ ਨਿਰਮਾਣ ਅਤੇ ਗੁਆਚੀ ਜਾਂ ਚੋਰੀ ਹੋਈਆਂ ਵਸਤਾਂ ਨੂੰ ਮੁੜ ਤੋਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਫਰਵਰੀ ’ਚ ਅਮਰੀਕੀ ਸਰਕਾਰ ਨੇ ਹਿੰਦੂ ਦੇਵਤਾ ਹਨੂਮਾਨ ਦੀ ਚੋਰੀ ਹੋ ਚੁੱਕੀ 500 ਸਾਲ ਪੁਰਾਣੀ ਮੂਰਤੀ ਬਰਾਮਦ ਕਰਕੇ ਭਾਰਤ ਸਰਕਾਰ ਨੂੰ ਮੋੜਿਆ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰਾਲੇ ਦੇ ਫੋਗੀ ਬੌਟਮ ਹੈੱਡਕੁਆਰਟਰ ’ਚ ਦੀਵਾਲੀ ਸਮਾਗਮ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਕਿਹਾ ਕਿ ਦੀਵਾਲੀ ਸਭ ਤੋਂ ਪਵਿੱਤਰ ਕਦਰਾਂ-ਕੀਮਤਾਂ ਦਾ ਤਿਉਹਾਰ ਹੈ। ‘ਇਹ ਪਰਿਵਾਰ ਪ੍ਰਤੀ ਪਿਆਰ, ਨਜ਼ਦੀਕੀਆਂ ਅਤੇ ਅਜਨਬੀਆਂ ਪ੍ਰਤੀ ਦਇਆ ਦਿਖਾਉਣ ਦਾ ਤਿਉਹਾਰ ਹੈ। ਇਹ ਮੁਆਫ਼ ਕਰਨ, ਸ਼ੁਕਰਾਨਾ ਕਰਨ ਅਤੇ ਨਵੀਂ ਸ਼ੁਰੂਆਤ ਦਾ ਤਿਉਹਾਰ ਹੈ।’ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ ਅਜੈ ਤੇਜਸਵੀ ਨੇ ਸਵਾਗਤ ਸਮਾਗਮ ’ਚ ਬਲਿੰਕਨ ਵੱਲੋਂ ਰਵਾਇਤੀ ਦੀਵਾ ਜਗਾਉਣ ਤੋਂ ਪਹਿਲਾਂ ਪ੍ਰਾਰਥਨਾ ਕੀਤੀ। -ਪੀਟੀਆਈ