ਕੋਲੰਬੋ, 27 ਜੁਲਾਈ
ਸ੍ਰੀਲੰਕਾ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਦਿਨੇਸ਼ ਗੁਨਾਵਰਦਨੇ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਲੋਕਤੰਤਰੀ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਮੰਗਾਂ ਸੁਣਨ ਲਈ ਤਿਆਰ ਹੈ। ਉਨ੍ਹਾਂ ਅੱਜ ਇੱਥੇ ਸੰਸਦ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਲੰਕਾ ਸਰਕਾਰ ਲੋਕਤੰਤਰਿਕ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਗੱਲ ਸੁਣਨ ਲਈ ਤਿਆਰ ਹੈ ਪਰ ਉਹ ਅਤਿਵਾਦੀ ਕਾਰਵਾਈ ਨੂੰ ਸਵੀਕਾਰ ਨਹੀਂ ਕਰੇਗੀ। ਡੇਲੀ ਮਿਰਰ ਦੀ ਖ਼ਬਰ ਅਨੁਸਾਰ ਗੁਨਾਵਰਦਨੇ ਨੇ ਕਿਹਾ, ‘‘ਅਤਿਵਾਦ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਸੰਸਦ ਅਤਿਵਾਦੀ ਕਾਰਵਾਈਆਂ ਦਾ ਸਮਰਥਨ ਨਹੀਂ ਕਰਦੀ ਹੈ।’’ ਇਸੇ ਦੌਰਾਨ ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ, ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸੇ ਅਤੇ ਕੇਂਦਰੀ ਬੈਂਕ ਦੇ ਸਾਬਕਾ ਗਵਰਨਰ ਅਜੀਥ ਨਿਵਾਰਦ ਕੈਬਰਾਲ ਦੇ ਦੇਸ਼ ਛੱਡਣ ’ਤੇ ਲੱਗੀ ਪਾਬੰਦੀ ਦੀ ਮਿਆਦ 28 ਜੁਲਾਈ ਤੋਂ 2 ਅਗਸਤ ਤੱਕ ਵਧਾ ਦਿੱਤੀ ਗਈ ਹੈ। -ਪੀਟੀਆਈ
ਰਾਜਪਕਸੇ ਨੂੰ 14 ਦਿਨ ਹੋਰ ਸਿੰਗਾਪੁਰ ਵਿੱਚ ਰਹਿਣ ਦੀ ਇਜਾਜ਼ਤ ਮਿਲੀ
ਸਿੰਗਾਪੁਰ: ਸਿੰਗਾਪੁਰ ਸਰਕਾਰ ਨੇ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਨਵਾਂ ਵੀਜ਼ਾ ਜਾਰੀ ਕਰਦਿਆਂ ਉਨ੍ਹਾਂ ਨੂੰ 14 ਹੋਰ ਦਿਨ ਮੁਲਕ ’ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਇਕ ਦਿਨ ਪਹਿਲਾਂ ਹੀ ਸ੍ਰੀਲੰਕਾ ਸਰਕਾਰ ਦੇ ਤਰਜਮਾਨ ਤੇ ਕੇਂਦਰੀ ਮੰਤਰੀ ਬਾਂਡੁਲਾ ਗੁਨਾਵਰਦਨੇ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਲੁਕੇ ਹੋਏ ਨਹੀਂ ਹਨ ਅਤੇ ਉਨ੍ਹਾਂ ਦੇ ਸਿੰਗਾਪੁਰ ਤੋਂ ਮੁਲਕ ਪਰਤਣ ਦੀ ਸੰਭਾਵਨਾ ਹੈ। ਉਂਜ ਉਨ੍ਹਾਂ ਰਾਜਪਕਸੇ ਦੀ ਸੰਭਾਵਿਤ ਵਾਪਸੀ ਦੇ ਹੋਰ ਵੇਰਵੇ ਨਸ਼ਰ ਨਹੀਂ ਕੀਤੇ ਸਨ। ਦਿ ਸਟਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਰਾਜਪਕਸੇ ਨੂੰ 11 ਅਗਸਤ ਤੱਕ ਮੁਲਕ ’ਚ ਰਹਿਣ ਲਈ ਨਵਾਂ ਵੀਜ਼ਾ ਜਾਰੀ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਪਹਿਲਾਂ ਉਹ ਇਕ ਹੋਟਲ ’ਚ ਰੁਕੇ ਰਹੇ ਅਤੇ ਹੁਣ ਉਹ ਕਿਸੇ ਪ੍ਰਾਈਵੇਟ ਰਿਹਾਇਸ਼ ’ਚ ਠਹਿਰੇ ਹੋਏ ਹਨ। ਉਨ੍ਹਾਂ ਨੂੰ ਸਿੰਗਾਪੁਰ ਦੇ ਲੋਕਾਂ ’ਚ ਵਿਚਰਦੇ ਨਹੀਂ ਦੇਖਿਆ ਗਿਆ ਹੈ। -ਪੀਟੀਆਈ