ਵਾਸ਼ਿੰਗਟਨ, 1 ਅਪਰੈਲ
ਅਮਰੀਕੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਉਸ ਬੇਨਤੀ ਨੂੰ ਮੰਨ ਲਿਆ ਹੈ ਜਿਸ ’ਚ ਉਸ ਨੇ ਭਾਰਤ ਹਵਾਲੇ ਕਰਨ ਖ਼ਿਲਾਫ਼ ਵਾਧੂ ਜਵਾਬ ਦਾਖ਼ਲ ਕਰਨ ਦੀ ਮੰਗ ਕੀਤੀ ਸੀ। 2008 ਦੇ ਮੁੰਬਈ ਦਹਿਸ਼ਤੀ ਹਮਲੇ ’ਚ ਸ਼ਮੂਲੀਅਤ ਦੇ ਦੋਸ਼ਾਂ ਕਾਰਨ ਰਾਣਾ ਨੂੰ ਭਾਰਤ ਆਪਣੇ ਹਵਾਲੇ ਕਰਨ ਦੀ ਮੰਗ ਕਰ ਰਿਹਾ ਹੈ। ਭਾਰਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਰਾਣਾ ਦੀ ਹਵਾਲਗੀ ਬਾਰੇ ਕੇਸ ਦੀ ਸੁਣਵਾਈ 12 ਅਪਰੈਲ ਨੂੰ ਹੋਣੀ ਹੈ। ਲਾਸ ਏਂਜਲਸ ’ਚ ਅਮਰੀਕੀ ਜ਼ਿਲ੍ਹਾ ਜੱਜ ਜੈਕੁਲਿਨ ਸ਼ੂਲੀਜਿਆਨ ਨੇ ਬੁੱਧਵਾਰ ਨੂੰ ਸੁਣਾਏ ਸੰਖੇਪ ਹੁਕਮਾਂ ’ਚ ਕਿਹਾ ਕਿ ਰਾਣਾ 5 ਅਪਰੈਲ ਤੱਕ 20 ਪੰਨਿਆਂ ਤੱਕ ਦਾ ਜਵਾਬ ਅਦਾਲਤ ’ਚ ਜਮ੍ਹਾਂ ਕਰਵਾਏ। ਜੱਜ ਨੇ ਕਿਹਾ ਕਿ ਸਰਕਾਰ ਵੀ ਜੇਕਰ ਚਾਹੇ ਤਾਂ ਉਹ 12 ਅਪਰੈਲ ਤੱਕ ਜਵਾਬ ਦਾਖ਼ਲ ਕਰ ਸਕਦੀ ਹੈ। ਇਕ ਹੋਰ ਵੱਖਰੇ ਹੁਕਮ ’ਚ ਜੱਜ ਨੇ ਰਾਣਾ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪ੍ਰਤੱਖ ਤੌਰ ’ਤੇ ਹਵਾਲਗੀ ਕੇਸ ਦੀ ਸੁਣਵਾਈ ਸਬੰਧੀ ਹਫ਼ਤੇ ਦੇ ਅੰਦਰ ਸਥਿਤੀ ਰਿਪੋਰਟ ਦਾਖ਼ਲ ਕਰਨ। ਪਿਛਲੇ ਹਫ਼ਤੇ ਰਾਣਾ ਨੇ ਅਰਜ਼ੀ ਦਾਖ਼ਲ ਕਰਕੇ ਕਿਹਾ ਸੀ ਕਿ ਉਹ ਅਮਰੀਕੀ ਸਰਕਾਰ ਵੱਲੋਂ ਭਾਰਤ ਦੀ ਹਵਾਲਗੀ ਕੇਸ ’ਚ ਹਮਾਇਤ ਕਰਨ ਦੇ ਵਿਰੋਧ ’ਚ ਆਪਣਾ ਜਵਾਬ ਦਾਖ਼ਲ ਕਰਨਾ ਚਾਹੁੰਦਾ ਹੈ। ਅਮਰੀਕਾ ਸਰਕਾਰ ਨੇ ਅਦਾਲਤ ’ਚ ਕਿਹਾ ਕਿ ਰਾਣਾ ਨੂੰ ਵਾਧੂ ਜਵਾਬ ਦਾਖ਼ਲ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਬੁੱਧਵਾਰ ਨੂੰ ਅਦਾਲਤ ਨੇ ਰਾਣਾ ਦੇ ਪੱਖ ’ਚ ਫ਼ੈਸਲਾ ਸੁਣਾਇਆ। –ਪੀਟੀਆਈ