ਪਿਸ਼ਾਵਰ, 30 ਜੁਲਾਈ
ਭਾਰਤੀ ਸਿਨੇ ਜਗਤ ਦੇ ਉੱਘੇ ਅਦਾਕਾਰਾਂ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਪਾਕਿਸਤਾਨ ਦੇ ਪਿਸ਼ਾਵਰ ਵਿੱਚ ਸਥਿਤ ਜੱਦੀ ਘਰ ਮੌਨਸੂਨ ਦੇ ਮੋਹਲੇਧਾਰ ਮੀਂਹ ਨਾਲ ਨੁਕਸਾਨੇ ਗਏ ਹਨ। ਖਸਤਾ ਹਾਲ ਇਨ੍ਹਾਂ ਮਕਾਨਾਂ ਨੂੰ ਪਾਕਿਸਤਾਨ ਸਰਕਾਰ ਨੇ ਅਪਣਾ ਲਿਆ ਸੀ ਅਤੇ ਕੌਮੀ ਵਿਰਾਸਤ ਐਲਾਨ ਦਿੱਤਾ ਸੀ। ਸਰਕਾਰ ਨੇ ਇਨ੍ਹਾਂ ਨੂੰ ਅਜਾਇਬ ਘਰ ’ਚ ਤਬਦੀਲ ਕਰਨ ਦੀ ਸਾਰੀ ਕਾਰਵਾਈ ਵੀ ਮੁਕੰਮਲ ਕਰ ਲਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਖੰਡਰ-ਨੁਮਾ ਹਾਲਤ ਵਿੱਚ ਇਨ੍ਹਾਂ ਮਕਾਨਾਂ ਦਾ ਕੁਝ ਹਿੱਸਾ ਮੀਂਹ ਨਾਲ ਹੋਰ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਖੈਬਰ ਪਖ਼ਤੂਨਵਾ ਪੁਰਾਤੱਤਵ ਵਿਭਾਗ ਨੇ ਹਾਲੇ ਤੱਕ ਕਿੱਸਾ ਖਾਨੀ ਬਾਜ਼ਾਰ ਖੇਤਰ ਵਿੱਚ ਸਥਿਤ ਇਨ੍ਹਾਂ ਮਕਾਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ। ਮੌਨਸੂਨ ਦੇ ਮੋਹਲੇਧਾਰ ਮੀਂਹ ਨਾਲ ਪਾਕਿਸਤਾਨ ਵਿੱਚ ਇਸਲਾਮਾਬਾਦ ਸਮੇਤ ਬਹੁਤ ਸਾਰੀਆਂ ਥਾਵਾਂ ’ਤੇ ਹੜ੍ਹਾਂ ਵਰਗੇ ਹਾਲਾਤ ਹਨ ਅਤੇ ਢਿੱਗਾਂ ਡਿੱਗੀਆਂ ਹੋਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਖ਼ੈਬਰ ਪਖਤੂਨਖਵਾ ਸੂਬੇ ਵਿੱਚ ਅੱਧ ਜੁਲਾਈ ਤੋਂ ਹੁਣ ਤੱਕ 20 ਜਣਿਆਂ ਦੀ ਮੌਤ ਹੋ ਚੁੱਕੀ ਹੈ। ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਹੈ। ਰਾਜ ਕਪੂਰ ਦਾ ਸਾਲ 1988 ਵਿੱਚ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ਜਦਕਿ 98 ਸਾਲਾ ਦਿਲੀਪ ਕੁਮਾਰ ਦਾ ਦੇਹਾਂਤ ਇਸੇ ਮਹੀਨੇ ਦੀ ਸ਼ੁੁਰੂਆਤ ਵਿੱਚ ਹੋਇਆ ਹੈ। -ਪੀਟੀਆਈ