ਵਾਸ਼ਿੰਗਟਨ, 10 ਮਾਰਚ
ਅਮਰੀਕਾ, ਭਾਰਤ, ਆਸਟਰੇਲੀਆ ਅਤੇ ਜਪਾਨ ਦੇ ਮੋਹਰੀ ਆਗੂ ਕੁਆਡ ਦੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਸਿਖਰ ਸੰਮੇਲਨ ’ਚ ਆਲਮੀ ਭਾਈਚਾਰੇ ਨੂੰ ਦਰਪੇਸ਼ ਵੱਖ ਵੱਖ ਚੁਣੌਤੀਆਂ ’ਤੇ ਵਿਚਾਰ ਵਟਾਂਦਰਾ ਕਰਨਗੇ। ਵ੍ਹਾਈਟ ਹਾਊਸ ਦੀ ਤਰਜਮਾਨ ਜੇਨ ਪਸਾਕੀ ਨੇ ਦੱਸਿਆ ਕਿ ਹਿੰਦ-ਪ੍ਰਸ਼ਾਂਤ ਖਿੱਤੇ ’ਚ ਚੀਨ ਦੇ ਵਧਦੇ ਦਖ਼ਲ ਖ਼ਿਲਾਫ਼ ਆਲਮੀ ਪੱਧਰ ’ਤੇ ਵੱਧ ਰਹੀਆਂ ਚਿੰਤਾਵਾਂ ਦਰਮਿਆਨ ਚਾਰ ਮੁਲਕਾਂ ਦੇ ਗੱਠਜੋੜ ਦੀ ਬੈਠਕ ਹੋਵੇਗੀ। ਉਨ੍ਹਾਂ ਕਿਹਾ ਕਿ 12 ਮਾਰਚ ਨੂੰ ਇਹ ਸੰਮੇਲਨ ਆਨਲਾਈਨ ਹੋਵੇਗੀ। ਸੰਮੇਲਨ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਪਾਨੀ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਕੋਵਿਡ-19 ਦੀਆਂ ਚੁਣੌਤੀਆਂ, ਆਰਥਿਕ ਸੰਕਟ ਅਤੇ ਵਾਤਾਵਰਨ ਪਰਿਵਰਤਨ ਜਿਹੇ ਮੁੱਦੇ ਵਿਚਾਰਨਗੇ। ਇਸ ਤੋਂ ਪਹਿਲਾਂ ਚਾਰੋਂ ਮੁਲਕਾਂ ਵਿਚਕਾਰ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਹੁੰਦੀ ਰਹੀ ਹੈ। ਪਸਾਕੀ ਨੇ ਕਿਹਾ ਕਿ ਇਹ ਪ੍ਰੋਗਰਾਮ ਰਾਸ਼ਟਰਪਤੀ ਜੋਅ ਬਾਇਡਨ ਦੇ ਉਨ੍ਹਾਂ ਬਹੁਧਿਰੀ ਪ੍ਰੋਗਰਾਮਾਂ ’ਚੋਂ ਇਕ ਹੈ ਜੋ ਹਿੰਦ-ਪ੍ਰਸ਼ਾਂਤ ਖਿੱਤੇ ’ਚ ਸਹਿਯੋਗੀਆਂ ਅਤੇ ਭਾਈਵਾਲਾਂ ਨੂੰ ਅਹਿਮੀਅਤ ਦਿੰਦਾ ਹੈ। ਉਨ੍ਹਾਂ ਭਾਰਤ, ਆਸਟਰੇਲੀਆ ਅਤੇ ਜਪਾਨ ਨੂੰ ਅਮਰੀਕਾ ਦਾ ਅਹਿਮ ਭਾਈਵਾਲ ਦੱਸਿਆ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਵੱਖਰੀ ਪ੍ਰੈੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਿਖਰ ਸੰਮੇਲਨ ’ਚ ਪੇਸ਼ ਆ ਰਹੀਆਂ ਅਹਿਮ ਚੁਣੌਤੀਆਂ ਨਾਲ ਸਿੱਝਣ ਲਈ ਰਲ ਕੇ ਕੋਸ਼ਿਸ਼ਾਂ ਕਰਨ ਅਤੇ ਸਹਿਯੋਗ ਨੂੰ ਲੈ ਕੇ ਕੁਆਡ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰੇਗਾ।
-ਪੀਟੀਆਈ