ਮਾਸਕੋ, 6 ਸਤੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਜ ਚੀਨ ਤੇ ਹੋਰ ਮੁਲਕਾਂ ਨਾਲ ਚੱਲ ਰਹੇ ਜੰਗੀ ਅਭਿਆਸ ’ਚ ਸ਼ਾਮਲ ਹੋਏ। ਮੰਨਿਆ ਜਾ ਰਿਹਾ ਹੈ ਕਿ ਇਹ ਜੰਗੀ ਅਭਿਆਸ ਯੂਕਰੇਨ ਖ਼ਿਲਾਫ਼ ਫੌਜੀ ਕਾਰਵਾਈ ਤੋਂ ਬਾਅਦ ਰੂਸ ਤੇ ਪੱਛਮੀ ਮੁਲਕਾਂ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਫੌਜੀ ਤਾਕਤ ਦਿਖਾਉਣ ਦੀ ਕੋਸ਼ਿਸ਼ ਹੈ। ਇੱਕ ਹਫ਼ਤੇ ਦਾ ਇਹ ਜੰਗੀ ਅਭਿਆਸ ਲੰਘੇ ਵੀਰਵਾਰ ਸ਼ੁਰੂ ਹੋਇਆ ਤੇ ਇਸ ਦਾ ਮਕਸਦ ਰੂਸ ਤੇ ਚੀਨ ਦੇ ਵਧਦੇ ਰੱਖਿਆ ਸਬੰਧਾਂ ਦਾ ਪ੍ਰਦਰਸ਼ਨ ਕਰਨਾ ਅਤੇ ਨਾਲ ਹੀ ਇਹ ਦਿਖਾਉਣਾ ਹੈ ਕਿ ਮਾਸਕੋ ਕੋਲ ਲੋੜੀਂਦੀ ਗਿਣਤੀ ’ਚ ਫੌਜੀ ਤੇ ਹਥਿਆਰ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਵੋਸਤੋਕ-2022 ਦੇ ਨਾਂ ਹੇਠ ਚੱਲ ਰਿਹਾ ਇਹ ਜੰਗੀ ਅਭਿਆਸ ਭਲਕ ਤੱਕ ਪੂਰਬੀ ਰੂਸ ਦੀ ਸੱਤ ਫਾਇਰਿੰਗ ਰੇਂਜ ਤੇ ਜਾਪਾਨ ਸਾਗਰ ’ਚ ਚੱਲੇਗਾ। ਰੂਸ ਅਨੁਸਾਰ ਇਸ ਜੰਗੀ ਅਭਿਆਸ ’ਚ ਕਈ ਸਾਬਕਾ ਸੋਵੀਅਤ ਦੇਸ਼, ਚੀਨ, ਭਾਰਤ, ਲਾਓਸ, ਮੰਗੋਲੀਆ, ਨਿਕਾਰਾਗੂਆ ਤੇ ਸੀਰੀਆ ਹਿੱਸਾ ਲੈ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਇਸ ਅਭਿਆਸ ਲਈ ਦੋ ਹਜ਼ਾਰ ਸੈਨਿਕ, 300 ਫੌਜੀ ਵਾਹਨ, 21 ਲੜਾਕੂ ਜਹਾਜ਼ ਤੇ ਤਿੰਨ ਜੰਗੀ ਬੇੜੇ ਭੇਜੇ ਹਨ। ਖ਼ਬਰ ਅਨੁਸਾਰ ਪਹਿਲੀ ਵਾਰ ਚੀਨ ਨੇ ਇੱਕ ਹੀ ਫੌਜੀ ਅਭਿਆਸ ’ਚ ਆਪਣੀਆਂ ਤਿੰਨੇ ਸੈਨਾਵਾਂ ਦੇ ਜਵਾਨ ਭੇਜੇ ਹਨ ਜੋ ਰੂਸ ਨਾਲ ਉਸ ਦੇ ਮਜ਼ਬੂਤ ਹੋ ਰਹੇ ਸਬੰਧਾਂ ਦਾ ਪ੍ਰਤੀਕ ਹੈ। -ਏਪੀ
ਰੂਸ ਨੇ ਜਾਪਾਨ ਨਾਲ ਵੀਜ਼ਾ ਮੁਕਤ ਯਾਤਰਾ ਸਮਝੌਤਾ ਤੋੜਿਆ
ਮਾਸਕੋ: ਰੂਸ ਨੇ ਜਾਪਾਨ ਨਾਲ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਦੇ ਸਮਝੌਤੇ ਨੂੰ ਤੋੜ ਦਿੱਤਾ। ਇਸ ਤਹਿਤ ਜਾਪਾਨੀ ਨਾਗਰਿਕਾਂ ਨੂੰ ਪ੍ਰਸ਼ਾਂਤ ਸਾਗਰ ਦੇ ਚਾਰ ਵਿਵਾਦਿਤ ਟਾਪੂਆਂ ਦੀ ਯਾਤਰਾ ਲਈ ਵੀਜ਼ਾ ਮੁਕਤ ਸਹੂਲਤ ਦਿੱਤੀ ਗਈ ਸੀ। ਇੱਕ ਸਰਕਾਰੀ ਆਦੇਸ਼ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿਨਹੂਆ ਨਿਊਜ਼ ਏਜੰਸੀ ਮੁਤਾਬਕ, 1999 ਵਿੱਚ ਹੋਏ ਸਮਝੌਤੇ ਤਹਿਤ ਇਨ੍ਹਾਂ ਟਾਪੂਆਂ ਦੇ ਸਾਬਕਾ ਵਸਨੀਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੂਸ ਦੇ ਅਧਿਕਾਰ ਵਾਲੇ ਟਾਪੂਆਂ ਵਿੱਚ ਵੀਜ਼ੇ ਤੋਂ ਬਿਨਾਂ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਟਾਪੂ ਰੂਸ ਵਿੱਚ ‘ਸਾਊਦਰਨ ਕੁਰਿਲਜ਼’ ਅਤੇ ਜਾਪਾਨ ਵਿੱਚ ‘ਨੌਰਦਨ ਟੈਰੀਟਰੀਜ਼’ ਵਜੋਂ ਜਾਣੇ ਜਾਂਦੇ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਉਸ ਦਾ ਮਾਰਚ ਤੋਂ ਜਾਪਾਨੀ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਸਹੂਲਤ ਖ਼ਤਮ ਕਰਨ ਦਾ ਇਰਾਦਾ ਹੈ। ਉਸ ਨੇ ਇਹ ਕਦਮ ਯੂਕਰੇਨ ਸਥਿਤੀ ’ਤੇ ਜਾਪਾਨ ਵੱਲੋਂ ਰੂਸ ਵਿਰੋਧੀ ਪਾਬੰਦੀਆਂ ਦੇ ਮਾਮਲੇ ਵਿੱਚ ਨਿਭਾਈ ਭੂਮਿਕਾ ਦੇ ਮੱਦੇਨਜ਼ਰ ਚੁੱਕਿਆ ਹੈ। -ਆਈਏਐੱਨਐੱਸ