ਵੈਟੀਕਨ ਸਿਟੀ, 3 ਮਈ
ਕੈਥੋਲਿਕ ਚਰਚ ਦੇ ਮੁਖੀ ਪੋਪ ਫਰਾਂਸਿਸ ਨੇ ਦੱਸਿਆ ਕਿ ਉਨ੍ਹਾਂ ਰੂਸ ਦੀ ਯੂਕਰੇਨ ਨਾਲ ਜੰਗ ਖਤਮ ਕਰਨ ਲਈ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਵੈਟੀਕਨ ਸਿਟੀ ਦੇ ਮੁੱਖ ਸਕੱਤਰ ਪੀਆਟਰੋ ਪੈਰੋਲੀਨ ਰਾਹੀਂ ਮਾਸਕੋ ਜਾਣ ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣ ਦੀ ਪੇਸ਼ਕਸ਼ ਕੀਤੀ ਸੀ। ਇਹ ਪੇਸ਼ਕਸ਼ ਰੂਸ ਦੇ ਹਮਲੇ ਦੇ ਲਗਪਗ ਤਿੰਨ ਹਫਤਿਆਂ ਬਾਅਦ ਕੀਤੀ ਗਈ ਸੀ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਧਾਰਮਿਕ ਆਗੂਆਂ ਵੱਲੋਂ ਰੂਸ ਨਾਲ ਸਬੰਧਾਂ ਨੂੰ ਠੀਕ ਕਰਨ ਲਈ ਅਜਿਹੇ ਯਤਨ ਕੀਤੇ ਗਏ ਸਨ ਪਰ ਰੂਸ ਨੇ ਕਦੀ ਹੁੰਗਾਰਾ ਨਹੀਂ ਭਰਿਆ। ਰੂਸ ਆਰਥੋਡਾਕਸ ਚਰਚ ਕਾਫੀ ਸਮਾਂ ਪਹਿਲਾਂ ਰੋਮ ਨਾਲੋਂ ਵੱਖ ਹੋ ਗਿਆ ਸੀ।