ਪੱਤਰ ਪ੍ਰੇਰਕ
ਬ੍ਰਿਸਬੇਨ, 16 ਅਗਸਤ
ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਪੰਜਾਬੀ ਰਾਈਡ ਸ਼ੇਅਰ (ਡੀਡੀ) ਡਰਾਈਵਰ ਹਰਜਿੰਦਰ ਸਿੰਘ (22 ਸਾਲ) ਦੀ ਚਾਰ ਲੁਟੇਰਿਆਂ ਨੇ ਕੁੱਟਮਾਰ ਕਰਨ ਮਗਰੋਂ ਕਾਰ ਖੋਹ ਲਈ।
ਜ਼ਖ਼ਮੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤਕਰੀਬਨ 9.30 ਵਜੇ ਊਸਦੀ ਟੋਇਟਾ ਕਰੋਲਾ ਰਾਈਡ ਸ਼ੇਅਰ ਕਾਰ ’ਚ ਚਾਰ ਵਿਅਕਤੀ, ਜਿਨ੍ਹਾਂ ਉਮਰ ਤਕਰੀਬਨ 18 ਤੋਂ 25 ਸਾਲ ਸੀ, ਬੁੱਡਰਿਜ (ਲੋਗਨ ਸ਼ਹਿਰ) ਤੋਂ ਕਰਵੀ ਰੇਲਵੇ ਸਟੇਸ਼ਨ ਲਈ ਬੈਠੇ ਸਨ। ਊਨ੍ਹਾਂ ਨੇ ਕਰਵੀ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਕਾਰ ਰੁਕਵਾ ਕੇ ਊਸਦੀ ਕੁੱਟਮਾਰ ਕੀਤੀ ਅਤੇ ਕਾਰ, ਮੋਬਾਈਲ ਤੇ ਬਟੂਆ ਖੋਹ ਕੇ ਫਰਾਰ ਹੋ ਗਏ। ਹਰਜਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਰਾਈਡ ਸ਼ੇਅਰ ਡਰਾਈਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਪਰਿੰਗਫੀਲਡ (ਇੱਪਸਵਿਚ) ਇਲਾਕੇ ਵਿੱਚ ਵੀ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਅਜਿਹੀ ਘਟਨਾ ਵਾਪਰ ਚੁੱਕੀ ਹੈ।