ਇਸਲਾਮਾਬਾਦ, 16 ਨਵੰਬਰ
ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਗਿਲਗਿਤ ਬਾਲਟਿਸਤਾਨ ਅਸੈਂਬਲੀ ਚੋਣਾਂ ਵਿੱਚ ਅੱਠ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਜਦੋਂਕਿ ਇੱਕ ਸੀਟ ’ਤੇ ਪਾਰਟੀ ਅੱਗੇ ਚੱਲ ਰਹੀ ਹੈ।
ਅਸੈਂਬਲੀ ਦੀਆਂ ਕੁੱਲ 24 ਸੀਟਾਂ ਹਨ, ਪਰ ਲੰਘੇ ਦਿਨ 23 ਸੀਟਾਂ ਲਈ ਹੀ ਵੋਟਾਂ ਪਈਆਂ ਸਨ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਖ਼ਾਨ ਦੀ ਪਾਰਟੀ ’ਤੇ ਚੋਣਾਂ ਵਿੱਚ ‘ਡਾਕਾ’ ਮਾਰਨ ਦਾ ਦੋਸ਼ ਲਾਇਆ ਹੈ। ਜੀਓ ਟੀਵੀ ਦੀ ਰਿਪੋਰਟ ਮੁਤਾਬਕ ਪੀਟੀਆਈ ਨੇ 8, ਪਾਕਿਸਤਾਨ ਪੀਪਲਜ਼ ਪਾਰਟੀ 3, ਪਾਕਿਸਤਾਨ ਮੁਸਲਿਮ ਲੀਗ ਨਵਾਜ਼ 2, ਜਮਾਇਤ ਉਲੇਮਾ-ਏ-ਇਸਲਾਮ ਫ਼ਜ਼ਲ ਤੇ ਮਜਲਿਸ ਵਾਹਦਤੁਲ ਮੁਸਲੀਮੀਨ ਨੇ ਇੱਕ-ਇੱਕ ਸੀਟ ਜਿੱਤੀ ਹੈ ਜਦੋਂਕਿ ਸੱਤ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।ਨਤੀਜਿਆਂ ਮੁਤਾਬਕ ਭਾਵੇਂ ਪੀਟੀਆਈ ਨੇ 8 ਤੋਂ 9 ਸੀਟਾਂ ਜਿੱਤੀਆਂ ਹਨ ਪਰ ਇਸ ਕੋਲ ਸਰਕਾਰ ਬਣਾਉਣ ਲਈ ਬਹੁਮਤ ਦੀ ਘਾਟ ਹੈ। ਹਾਲਾਂਕਿ ਇਹ ਸਰਕਾਰ ਬਣਾਉਣ ਦੀ ਸਥਿਤੀ ’ਚ ਵੀ ਹੈ ਕਿਉਂਕਿ 6 ਤੋਂ 7 ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। -ਪੀਟੀਆਈ