ਨਿਊ ਓਰਲੀਨਜ਼, 24 ਅਗਸਤ
ਸਿਆਹਫਾਮ ਵਿਅਕਤੀ ਦੇ ਪੁਲੀਸ ਗੋਲੀਬਾਰੀ ਵਿਚ ਮਾਰੇ ਜਾਣ ਖ਼ਿਲਾਫ਼ ਅੱਜ ਅਮਰੀਕੀ ਸ਼ਹਿਰ ਲੂਸੀਆਨਾ ਵਿਚ ਮੁਜ਼ਾਹਰਾਕਾਰੀਆਂ ਨੇ ਰੋਸ ਮਾਰਚ ਕੀਤਾ। ਉਨ੍ਹਾਂ ਬੈਨਰ ਫੜੇ ਹੋਏ ਸਨ ਤੇ ਟਰੈਫਿਕ ਵੀ ਠੱਪ ਕਰ ਦਿੱਤਾ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਾਰਕੁਨਾਂ ਤੇ ਸਥਾਨਕ ਆਗੂਆਂ ਵਿਚਾਲੇ ਟਕਰਾਅ ਬਣਿਆ ਹੋਇਆ ਹੈ। ਮਾਰਚ ਤੋਂ ਬਾਅਦ ਕਾਰਕੁਨਾਂ ਨੇ ਸਿਟੀ ਹਾਲ ਵਿਚ ਇਕ ਸਮਾਗਮ ਵੀ ਕੀਤਾ ਜਿੱਥੇ ਟ੍ਰੇਅਫੋਰਡ ਪੈਲੇਰਿਨ ਨੂੰ ਨਿਆਂ ਦੇਣ ਦੀ ਮੰਗ ਕੀਤੀ ਗਈ। ਮੁਜ਼ਾਹਰਾਕਾਰੀਆਂ ਨੇ ਸ਼ਾਂਤੀ ਨਾਲ ਰੋਸ ਮਾਰਚ ਕੀਤਾ। ਇਕ ਦਿਨ ਪਹਿਲਾਂ ਹੋਏ ਮੁਜ਼ਾਹਰਿਆਂ ਵਿਚ ਕਈ ਥਾਈਂ ਅੱਗ ਲਾ ਦਿੱਤੀ ਗਈ ਸੀ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕੀਤੀ ਸੀ। ਰੈਲੀ ਨੂੰ ਕਾਰਕੁਨ ਜਮਾਲ ਟੇਲਰ ਦੇ ਫੇਸਬੁੱਕ ਪੇਜ ਉਤੇ ਲਾਈਵ ਕੀਤਾ ਗਿਆ ਅਤੇ ਉਸ ਨੇ ਭੰਨ੍ਹ-ਤੋੜ ਨਾ ਕਰਨ ਦੀ ਬੇਨਤੀ ਕੀਤੀ। ਜਮਾਲ ਨੇ ਕਿਹਾ ਕਿ ਮ੍ਰਿਤਕ ਦੀ ਮਾਂ ਚਾਹੁੰਦੀ ਹੈ ਕਿ ਰੋਸ ਮੁਜ਼ਾਹਰੇ ਸ਼ਾਂਤੀ ਨਾਲ ਕੀਤੇ ਜਾਣ। ਵੀਡੀਓ ਵਿਚ ਕਰੀਬ 200 ਮੁਜ਼ਾਹਰਾਕਾਰੀ ਨਜ਼ਰ ਆ ਰਹੇ ਹਨ। ਕੁਝ ਨੇ ਉਸ ਗੈਸ ਸਟੇਸ਼ਨ ਤੱਕ ਮਾਰਚ ਕੀਤਾ ਜਿੱਥੇ ਪੈਲੇਰਿਨ ਨੂੰ ਗੋਲੀ ਮਾਰੀ ਗਈ।
-ਏਪੀ